ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਮਈ
ਫ਼ਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਦਲ ਵੱਲੋਂ ਰੇਲ ਗੱਡੀਆਂ ’ਚ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ’ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਜਾਂਚ ਕਰਨ ਵਾਲਿਆਂ ਵੱਲੋਂ ਅਪਰੈਲ ਮਹੀਨੇ ਦੌਰਾਨ ਰੇਲ ਗੱਡੀਆਂ ’ਚ ਟਿਕਟ ਚੈਕਿੰਗ ਦੌਰਾਨ ਕੁੱਲ 74056 ਯਾਤਰੀ ਬਿਨਾਂ ਟਿਕਟ ਯਾਤਰਾ ਕਰਦੇ ਹੋਏ ਫੜੇ ਗਏ ਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ 5.21 ਕਰੋੜ ਰੁਪਏ ਵਸੂਲੇ ਗਏ ਹਨ।
ਟਿਕਟ ਚੈਕਿੰਗ ਨੇ ਅਪਰੈਲ ਮਹੀਨੇ ’ਚ ਖਜ਼ਾਨਾ ਇਕੱਠਾ ਕਰਨ ਦੇ ਮਾਮਲੇ ’ਚ ਫਿਰੋਜ਼ਪੁਰ ਮੰਡਲ ਦੇ ਇਤਿਹਾਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 3.96 ਕਰੋੜ ਦਾ ਖਜ਼ਾਨਾ ਟਿਕਟ ਚੈਕਿੰਗ ਵੱਲੋਂ ਵਸੂਲ ਕੀਤਾ ਗਿਆ ਸੀ। ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਟੀਟੀਆਈ ਰਾਮ ਰੂਪ ਮੀਣਾ ਨੇ ਟਿਕਟ ਚੈਕਿੰਗ ਰਾਹੀਂ ਲਗਭਗ 27 ਲੱਖ ਰੁਪਏ ਜੁਰਮਾਨਾ ਇਕੱਠਾ ਕੀਤਾ ਹੈ, ਜੋ ਕਿ ਮੰਡਲ ਦੇ ਵਿਅਕਤੀ ਟਿਕਟ ਚੈਕਿੰਗ ਦੇ ਮਾਮਲੇ ’ਚ ਅਪਰੈਲ ਮਹੀਨੇ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਬਣਾਈ ਰੱਖਣ ਤੇ ਆਮ ਜਨਤਾ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ਤੇ ਉਨ੍ਹਾਂ ਨੂੰ ਸਾਫ਼ ਸਫ਼ਾਈ ਲਈ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਹਮੇਸ਼ਾ ਜਾਂਚ ਕੀਤੀ ਜਾਂਦੀ ਹੈ। ਇਸੇ ਤਹਿਤ ਅਪਰੈਲ ਮਹੀਨੇ ’ਚ 254 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ’ਚ ਗੰਦਗੀ ਫੈਲਾਉਣ ਕਾਰਨ ਉਨ੍ਹਾਂ ਤੋਂ ਕਰੀਬ 41 ਹਜ਼ਾਰ ਰੁਪਏ ਵਸੂਲੇ ਗਏ। ਮੰਡਲ ਰੇਲ ਪ੍ਰਬੰਧਕ ਡਾ. ਸੀਮਾ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ’ਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਮਕਸਦ ਰੇਲਵੇ ਟਿਕਟਾਂ ਦੀ ਵਿਕਰੀ ’ਚ ਸੁਧਾਰ ਤੇ ਬਿਨਾਂ ਟਿਕਟ ਯਾਤਰਾ ਕਰ ਰਹੇ ਯਾਤਰੀਆਂ ਤੋਂ ਜੁਰਮਾਨਾ ਵਸੂਲ ਕਰਨਾ ਹੈ ਤਾਂ ਕਿ ਉਹ ਭਵਿੱਖ ’ਚ ਉਚਿਤ ਟਿਕਟ ਲੈ ਕੇ ਹੀ ਯਾਤਰਾ ਕਰਨ।