ਗਗਨਦੀਪ ਅਰੋੜਾ
ਲੁਧਿਆਣਾ, 23 ਅਪਰੈਲ
ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਟਰਾਂ ’ਤੇ ਬਿਜਲੀ ਵਿਭਾਗ ਨੇ ਆਪਣਾ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਬਿਜਲੀ ਵਿਭਾਗ ਨੇ ਪਾਵਰਕੌਮ ਨੇ ਲੁਧਿਆਣਾ ਵਿਮੈਨ ਸੈੱਲ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਵਿਮੈਨ ਸੈੱਲ ਦਾ ਕਰੀਬ 10 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ, ਜੋ ਕਿ ਪਿਛਲੇਂ ਕਾਫ਼ੀ ਸਮੇਂ ਤੋਂ ਜਮ੍ਹਾਂ ਹੀ ਨਹੀਂ ਕਰਵਾਇਆ ਗਿਆ। ਸ਼ੁੱਕਰਵਾਰ ਦੀ ਸਵੇਰੇ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਪਰ ਕੁਝ ਸਮੇਂ ਬਾਅਦ ਮੁੜ ਜੋੜ ਦਿੱਤਾ ਗਿਆ, ਪਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਨ੍ਹਾਂ ਫਿਰ ਕੁਨੈਕਸ਼ਨ ਦੀ ਤਾਰ ਕੱਟ ਦਿੱਤੀ। ਇਸਦੇ ਨਾਲ ਹੀ ਸਿੱਧੀ ਚਿਤਾਵਨੀ ਵੀ ਦਿੱਤੀ ਕਿ ਬਿਜਲੀ ਬਿੱਲ ਜਦੋਂ ਤੱਕ ਅਦਾ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਬਿਜਲੀ ਗੁੱਲ ਰਹੇਗੀ।
ਚੀਫ਼ ਇੰਜਨੀਅਰ ਜਸਬੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿਮੈਨ ਸੈੱਲ ਦਾ ਪਿਛਲੇ ਇੱਕ ਸਾਲ ਦਾ ਕਰੀਬ 10 ਲੱਖ ਰੁਪਏ ਬਿਜਲੀ ਦਾ ਬਿੱਲ ਬਕਾਇਆ ਹੈ। ਕਈ ਵਾਰ ਕਮਰਸ਼ੀਅਲ ਨੋਟਿਸ ਭੇਜਣ ਦੇ ਬਾਵਜੂਦ ਵੀ ਬਿੱਲ ਅਦਾ ਨਹੀਂ ਕੀਤਾ ਜਾ ਰਿਹਾ ਸੀ। ਇਸ ਕਾਰਨ ਥਾਣੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਪੁਲੀਸ ਕਰਮੀਆਂ ਨੇ ਜਨਰੇਟਰ ਨਾਲ ਕੰਮ ਚਲਾਇਆ। 22 ਅਪਰੈਲ ਨੂੰ ਸਵੇਰੇ ਕਰੀਬ ਸਾਢੇ 9 ਵਜੇ ਪਾਵਰਕੌਮ ਦੇ ਕਰਮੀ ਥਾਣੇ ਦਾ ਕੁਨੈਕਸ਼ਨ ਕੱਟ ਗਏ ਸਨ। ਉਨ੍ਹਾਂ ਦੇ ਜਾਣ ਤੋਂ ਕੁਝ ਦੇਰ ਬਾਅਦ ਹੀ ਵਿਮੈਨ ਸੈਲ ਥਾਣੇ ਦੇ ਕੁਝ ਲੋਕਾਂ ਨੇ ਤਾਰ ਫਿਰ ਤੋਂ ਜੁੜਵਾ ਲਈ। ਇਸ ਗੱਲ ਜਿਵੇਂ ਹੀ ਬਿਜਲੀ ਘਰ ਕਿਚਲੂ ਨਗਰ ਦੇ ਮੁਲਾਜ਼ਮਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਸ਼ਾਮ ਸਾਢੇ 5 ਵਜੇ ਫਿਰ ਥਾਣੇ ਦਾ ਕੁਨੈਕਸ਼ਨ ਕੱਟ ਦਿੱਤਾ। ਚੀਫ਼ ਇੰਜਨੀਅਰ ਸਿੱਧਾ ਆਖ ਰਹੇ ਹਨ ਕਿ ਜਦੋਂ ਤੱਕ ਬਿਜਲੀ ਬਿੱਲ ਨਹੀਂ ਅਦਾ ਕੀਤਾ ਜਾਵੇਗਾ, ਉਦੋਂ ਤੱਕ ਬੱਤੀ ਗੁੱਲ ਹੀ ਰਹੇਗੀ।
ਦੋ ਕਿੱਲੋਵਾਟ ਵਾਲੇ 1.44 ਲੱਖ ਲੋਕਾਂ ਨੂੰ ਮਿਲੇਗਾ ਬਿੱਲ ਮੁਆਫ਼ੀ ਦਾ ਫਾਇਦਾ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੇਂ ਹੁਕਮ ਜਾਰੀ ਕਰ 2 ਕਿਲੋਵਾਟ ਵਾਲੇ ਜ਼ਿਲ੍ਹੇ ਦੇ 1.44 ਲੱਖ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਤਹਿਤ ਉਨ੍ਹਾਂ ਦੇ 31 ਦਸੰਬਰ ਤੱਕ ਦੇ ਬਕਾਇਆ ਬਿੱਲ ਮੁਆਫ਼ ਹੋਣਗੇ। ਇਸਦਾ ਹਾਲੇ ਨੋਟੀਫਿਕੇਸ਼ਨ ਜਾਰੀ ਹੋਣਾ ਬਾਕੀ ਹੈ। ਉਧਰ, ਜ਼ਿਲ੍ਹੇ ਦੇ 15 ਲੱਖ ਤੋਂ ਜ਼ਿਆਦਾ ਖਪਤਕਾਰਾਂ ’ਚੋਂ 2 ਲੱਖ 17 ਹਜ਼ਾਰ ਡਿਫਾਲਟਰ ਅਜਿਹੇ ਹਨ, ਇਨ੍ਹਾਂ ਦਾ 216 ਕਰੋੜ ਰੁਪਏ ਦਾ ਜ਼ਿਆਦਾ ਬਕਾਇਆ ਹੈ। ਇਸ ’ਚੋਂ 1.67 ਲੱਖ ਤੋਂ ਜ਼ਿਆਦਾ ਘਰੇਲੂ ਖਪਤਕਾਰ ਹਨ, ਇਨ੍ਹਾਂ ਦਾ 153 ਕਰੋੜ ਰੁਪਏ ਬਕਾਇਆ ਹੈ। ਕਮਰਸ਼ੀਅਲ ਕੁਨੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ 50 ਹਜ਼ਾਰ 154 ਖਪਤਕਾਰ ਡਿਫਾਲਟਰ ਹਨ। ਇਨ੍ਹਾਂ ਦਾ 63.25 ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਹੁਣ ਪਾਵਰਕੌਮ ਇਨ੍ਹਾਂ ਤੋਂ ਪੂਰੀ ਰਕਮ ਵਸੂਲਣ ਦੀ ਤਿਆਰੀ ’ਚ ਹੈ। ਹਾਲਾਂਕਿ, ਪਾਵਰਕੌਮ ਦੇ ਬਕਾਇਆ ਵਸੂਲੀ ਵਿੰਗ ਨੇ ਸਖ਼ਤੀ ਕਰ ਮਾਰਚ ਤੱਕ 34 ਹਜ਼ਾਰ 784 ਡਿਫਾਲਟਰਾਂ ਨੂੰ 33 ਕਰੋੜ 41 ਲੱਖ 55 ਹਜ਼ਾਰ ਤੋਂ ਜ਼ਿਆਦਾ ਦਾ ਜੁਰਮਾਨਾ ਲਾਇਆ। ਜੇਕਰ ਗੱਲ ਪਾਵਰਕੌਮ ਦੇ ਪੁਲੀਸ ਸਟੇਸ਼ਨ ਦੀ ਗੱਲ ਕਰੀਏ ਤਾਂ ਮਾਰਚ ਤੱਕ 216 ਡਿਫਾਲਟਰਾਂ ਤੋਂ ਕੰਪਾਊਂਡਿੰਗ ਫੀਸ ਦੇ ਨਾਲ 8478426 ’ਚੋਂ 1791420 ਰੁਪਏ ਤੱਕ ਦੀ ਰਿਕਵਰੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਡਿਫਾਲਟਰਾਂ ਦੀ ਸੂਚੀ ’ਚ ਆਮ ਨਹੀਂ, ਬਲਕਿ ਵੱਡੇ ਕਾਰੋਬਾਰੀ, ਫੈਕਟਰੀ ਤੇ ਸ਼ੌਅਰੂਮ ਮਾਲਕ ਸ਼ਾਮਲ ਹਨ। ਹੁਣ ਜਦੋਂ ਸਰਕਾਰ ਨੇ ਡਿਫਾਲਟਰਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ, ਇਸ ਤੋਂ ਬਾਅਦ ਮਹਿਕਮਾ ਐਕਸ਼ਨ ਮੂਡ ’ਚ ਹੈ। ਉਧਰ, ਦੱਸ ਦਈਏ ਕਿ ਵਿਧਾਇਕ ਬਣਨ ਤੋਂ ਬਾਅਦ ਗੁਰਪ੍ਰੀਤ ਗੋਗੀ ਨੇ 15 ਮਾਰਚ ਨੂੰ ਸਰਕਟ ਹਾਊਸ ’ਚ ਪਾਵਰਕੌਮ ਦੇ ਚੀਫ਼ ਇੰਜਨੀਅਰ ਨਾਲ ਮੀਟਿੰਗ ਕਰ ਕੇ ਕੱਟੇ ਜਾ ਰਹੇ ਬਿਜਲੀ ਕੁਨੈਕਸ਼ਨਾਂ ਨੂੰ ਜੋੜਨ ਦੇ ਹੁਕਮ ਦਿੱਤੇ ਸਨ।