ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਸਤੰਬਰ
ਸਟਰੀਟ ਲਾਈਟ ਘੁਟਾਲੇ ’ਚ 65 ਲੱਖ ਰੁਪਏ ਦੀ ਗੜਬੜੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਬੀਡੀਪੀਓ ਸਿੱਧਵਾਂ ਬੇਟ ਸਤਵਿੰਦਰ ਸਿੰਘ ਕੰਗ ਤੇ ਬਲਾਕ ਸਮਿਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਈ ਤੱਥਾਂ ’ਤੇ ਸਵਾਲ ਕੀਤੇ ਹਨ, ਜਿਸ ’ਚ ਮੁਲਜ਼ਮਾਂ ਨੇ ਕਈ ਰਾਜ਼ ਖੋਲ੍ਹੇ ਹਨ ਤੇ ਉਮੀਦ ਹੈ ਕਿ ਇਸ ਮਾਮਲੇ ’ਚ ਕਈ ਵੱਡੇ ਲੋਕਾਂ ਦੇ ਨਾਮ ਸਾਹਮਣੇ ਆ ਸਕਦੇ ਹਨ। ਮੁਲਜ਼ਮਾਂ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਜੋ ਇਨਪੁੱਟ ਮਿਲੇ, ਉਸ ਦੇ ਆਧਾਰ ’ਤੇ ਪੁਲੀਸ ਨੇ ਇਸ ਮਾਮਲੇ ’ਚ ਪੇਂਡੂ ਵਿਕਾਸ ਅਧਿਕਾਰੀ (ਵੀ.ਡੀ.ਓ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਸਿੱਧਵਾਂ ਬੇਟ ਇਲਾਕੇ ’ਚੋਂ ਕਾਬੂ ਕੀਤਾ ਹੈ। ਮੁਲਜ਼ਮ ’ਤੇ ਵੀ ਕਈ ਤਰ੍ਹਾਂ ਦੇ ਦੋਸ਼ ਹਨ। ਵਿਜੀਲੈਂਸ ਦੀ ਟੀਮ ਤਿੰਨਾਂ ਮੁਲਜ਼ਮਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ’ਚ ਲੱਗੀ ਹੈ ਕਿ ਅੱਗੇ ਇਸ ਮਾਮਲੇ ’ਚ ਕੀ ਕਾਰਵਾਈ ਹੋ ਸਕਦੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਬੀਡੀਪੀਓ ਅਤੇ ਬਲਾਕ ਸਮਿਤੀ ਦੇ ਚੇਅਰਮੈਨ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਸੀ। ਵਿਜੀਲੈਂਸ ਦੇ ਕਈ ਅਧਿਕਾਰੀ ਕਈ ਥਿਊਰੀਆਂ ’ਤੇ ਮੁਲਜ਼ਮਾਂ ਤੋਂ ਸਵਾਲ ਕਰ ਰਹੇ ਸਨ। ਮੁਲਜ਼ਮਾਂ ਨੇ ਉਨ੍ਹਾਂ ਸਵਾਲਾਂ ’ਚ ਕਈ ਲੋਕਾਂ ਦੇ ਨਾਮ ਲਏ ਹਨ। ਜਿਸ ’ਚ ਦੱਸਿਆ ਜਾ ਰਿਹਾ ਹੈ ਕਿ ਕਈ ਰਾਜਨੀਤੀ ਪਾਰਟੀਆਂ ਦੇ ਲੋਕ ਵੀ ਜੁੇੜੇ ਹਨ ਤੇ ਕੁਝ ਪ੍ਰਾਈਵੇਟ ਲੋਕ ਵੀ ਹਨ ਜਿਨ੍ਹਾਂ ਨੇ ਮਿਲ ਕੇ ਘਪਲਾ ਕਰਨ ਦੀ ਪੂਰੀ ਸਕੀਮ ਤਿਆਰ ਕੀਤੀ ਤੇ ਕਿੱਥੋਂ ਪੈਸੇ ਦੀ ਹੇਰਾਫੇਰੀ ਕੀਤੀ ਜਾਵੇ। ਮੁਲਜ਼ਮਾਂ ਤੋਂ ਹੋਈ ਪੜਤਾਲ ਤੋਂ ਬਾਅਦ ਹੀ ਪੁਲੀਸ ਨੇ ਵੀਡੀਓ ਤੇਜਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸਣਯੋਗ ਹੈ ਕਿ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਹੀ ਮੁਲਜ਼ਮ ਹਲਕਾ ਦਾਖਾ ਦੇ ਇੰਚਾਰਜ ਤੇ ਸਾਬਕਾ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦੇ ਨੇੜਲੇ ਸਾਥੀ ਦੱਸੇ ਜਾ ਰਹੇ ਹਨ। ਸਟ੍ਰੀਟ ਲਾਈਟਾਂ ਲਗਵਾਉਣ ਲਈ ਵੀ ਕਾਂਗਰਸੀ ਆਗੂ ਵੱਲੋਂ ਚਿੱਠੀ ਲਿਖੀ ਗਈ ਸੀ। ਹੁਣ ਇਸ ਸਾਰੇ ਹੀ ਮਾਮਲੇ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ। ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ।