ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 29 ਸਤੰਬਰ
ਪਿੰਡ ਪਮਾਲ ਵਿਚ ਮੁੱਖ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਸਮੇਤ ਖੇਤੀ ਵਿਗਿਆਨੀਆਂ ਦੀ ਟੀਮ ਨੇ ਝੋਨੇ ਦੀ ਪਰਾਲੀ ਸਾੜਨ ਸਮੇਤ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਪੰਜਾਬ ਦੇ ਖੇਤੀ ਸੂਚਨਾ ਅਫ਼ਸਰ ਡਾਕਟਰ ਨਰੇਸ਼ ਗੁਲਾਟੀ ਦੀ ਟੀਮ ਵੀ ਦੂਰਦਰਸ਼ਨ ਟੀਮ ਸਮੇਤ ਕਿਸਾਨਾਂ ਦੇ ਰੂਬਰੂ ਹੋਈ। ਡਾ. ਰਜਿੰਦਰਪਾਲ ਸਿੰਘ ਔਲਖ, ਇੰਜਨੀਅਰ ਅਮਨਪ੍ਰੀਤ ਸਿੰਘ ਘਈ, ਡਾ. ਗਿਰਜੇਸ ਭਾਰਗਵ, ਜਸਵਿੰਦਰ ਸਿੰਘ ਧਾਲੀਵਾਲ ਖੇਤੀ ਵਿਕਾਸ ਅਫ਼ਸਰ ਜਮਾਲਪੁਰ ਤੇ ਹੋਰ ਖੇਤੀ ਵਿਗਿਆਨੀਆਂ ਦੀ ਟੀਮ ਨੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਮੌਕੇ ’ਤੇ ਜਵਾਬ ਦਿੱਤੇ। ਡਾ. ਬੈਨੀਪਾਲ ਨੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸਰਕਾਰ ਵੱਲੋਂ ਜਾਰੀ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਖੇਤੀ ਮਸ਼ੀਨਾਂ ਉੱਪਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ। ਝੋਨੇ ਦੀ ਪਰਾਲੀ ਨੂੰ ਅੱਗ ਲਾਉਣ, ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡਿੱਗਣਾ, ਝੋਨੇ ਦੇ ਭੂਰੇ ਟਿੱਡੇ ਦੀ ਰੋਕਥਾਮ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਫ਼ਸਲੀ ਚੱਕਰ ਦੇ ਬਦਲਾਅ ਲਈ ਪ੍ਰੇਰਿਆ।