ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਕੁੰਦਨਪੁਰੀ ਇਲਾਕੇ ’ਚ ਫਾਹਾ ਲੈ ਕੇ ਮਰੀ ਕਾਜਲ ਦੀ ਲਾਸ਼ ਮਾਮਲੇ ’ਚ ਵੀਰਵਾਰ ਨੂੰ ਨਵਾਂ ਮੋੜ ਆ ਗਿਆ। ਕਮਿਸ਼ਨਰੇਟ ਪੁਲੀਸ ਦੇ ਵੱਲੋਂ ਬੱਚੀ ਦੀ ਲਾਸ਼ ਲਿਜਾਂਦੇ ਸਮੇਂ ਐਂਬੂਲੈਂਸ ’ਤੇ ਪੱਥਰਬਾਜ਼ੀ ਕਰਨ ਦੇ ਦੋਸ਼ ’ਚ ਥਾਣਾ ਡਿਵੀਜ਼ਨ ਨੰਬਰ-8 ਵਿੱਚ ਚਾਰ ਔਰਤਾਂ ਸਣੇ 200 ਦੇ ਕਰੀਬ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੁਲੀਸ ਨੇ ਐਂਬੂਲੈਂਸ ਦੇ ਡਰਾਈਵਰ ਰਿਸ਼ੀ ਨਗਰ ਵਾਸੀ ਪ੍ਰਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਇਸ ’ਚ ਚਾਰ ਔਰਤਾਂ ਸੁਮਨ, ਕ੍ਰਿਸ਼ਨਾ, ਸ਼ਾਂਤੀ ਤੇ ਭੋਲਾ ਸਣੇ ਅਣਪਛਾਤੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ’ਚ ਲੱਗੀ ਹੋਈ ਹੈ। ਉਧਰ, ਚੌਥੇ ਦਿਨ ਵੀ ਬੱਚੀ ਕਾਜਲ ਦੀ ਲਾਸ਼ ਦਾ ਸਸਕਾਰ ਨਹੀਂ ਹੋ ਸਕਿਆ। ਪਰਿਵਾਰ ਵਾਲੇ ਅੜੇ ਹੋਏ ਹਨ ਕਿ ਇਸ ਮਾਮਲੇ ’ਚ ਮੁਲਜ਼ਮ ਬਣਾਏ ਅਜੇ ਸ਼ਰਮਾ ਨੂੰ ਉਨ੍ਹਾਂ ਹਵਾਲੇ ਕੀਤਾ ਜਾਵੇ, ਨਹੀਂ ਤਾਂ ਉਹ ਸਸਕਾਰ ਨਹੀਂ ਕਰਨਗੇ।
ਕਾਜਲ ਦੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਤੇ ਹੋਰ ਰਿਸ਼ਤੇਦਾਰ ਤੇ ਜਾਣਕਾਰ ਉੱਥੇ ਪੁੱਜ ਗਏ ਸਨ। ਉਨ੍ਹਾਂ ਇਲਾਕੇ ’ਚ ਹੰਗਾਮਾ ਕੀਤਾ ਸੀ ਤੇ ਅਜੈ ਸ਼ਰਮਾ ਦੇ ਘਰ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਸਮਾਂ ਰਹਿੰਦੇ ਰੋਕ ਲਿਆ ਸੀ। ਇਸ ਦੌਰਾਨ ਉੱਥੇ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਨਾਲ ਧੱਕਾਮੁੱਕੀ ਕੀਤੀ ਤੇ ਬੁਰਾ ਵਿਹਾਰ ਤੇ ਪੱਥਰਬਾਜ਼ੀ ਕੀਤੀ। ਪੁਲੀਸ ਨੇ ਜਾਂਚ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਲਾਸ਼ ਭੇਜ ਦਿੱਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਐਂਬੂਲੈਂਸ ’ਤੇ ਪੱਥਰਬਾਜ਼ੀ ਕੀਤੀ।
ਉਧਰ, ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੂਤਰ ਦੱਸਦੇ ਹਨ ਕਿ ਪਰਿਵਾਰ ਵਾਲਿਆਂ ਨੂੰ ਪੋਸਟਮਾਰਟਮ ਰਿਪੋਰਟ ਬਾਰੇ ਸਾਫ਼ ਤੌਰ ’ਤੇ ਦੱਸ ਦਿੱਤਾ ਗਿਆ ਹੈ। ਇਸ ਕਾਰਨ ਪਰਿਵਾਰ ਵਾਲਿਆਂ ਨੇ ਉਨ੍ਹਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਕਈ ਰਿਪੋਰਟਾਂ ਬਾਹਰ ਭੇਜੀਆਂ ਗਈਆਂ ਹਨ ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਜਬਰ-ਜਨਾਹ ਬਾਰੇ ਸਪਸ਼ਟ ਹੋ ਸਕੇਗਾ। ਉਧਰ, ਇਸ ਮਾਮਲੇ ’ਚ ਹੁਣ ਲੜਕੀ ਦੇ ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਇਸ ਦੌਰਾਨ ਕਈ ਜਥੇਬੰਦੀਆਂ ਵੀ ਪਰਿਵਾਰ ਵਾਲਿਆਂ ਦੇ ਹੱਕ ’ਚ ਆ ਗਈਆਂ ਹਨ। ਸੰਸਥਾ ਪ੍ਰਬੰਧਕਾਂ ਨੇ ਵੀ ਪੁਲੀਸ ਕਾਰਵਾਈ ’ਤੇ ਕਈ ਸਵਾਲ ਖੜ੍ਹੇ ਕੀਤੇ, ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਜਲ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਦਿਵਾ ਕੇ ਰਹਿਣਗੇ। ਉਧਰ, ਹੋਰ ਸਫ਼ਾਈ ਕਰਨ ਵਾਲੀਆਂ ਔਰਤਾਂ ਨੇ ਕਿਹਾ ਕਿ ਪੀੜਤਾ ਨੂੰ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਕੁੰਦਨਪੁਰੀ ਇਲਾਕੇ ਦੇ ਘਰਾਂ ’ਚ ਕੰਮ ਨਹੀਂ ਕਰਨਗੀਆਂ।