ਰਾਮ ਗੋਪਾਲ ਰਾਏਕੋਟੀ
ਰਾਏਕੋਟ, 19 ਦਸੰਬਰ
ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਕਰ ਰਹੇ ਯੂਥ ਆਗੂ ਗੁਰਪਾਲ ਸਿੰਘ ਗੋਲਡੀ ਵਲੋਂ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਹਾਈਕਮਾਂਡ ਤੋਂ ਮੰਗ ਕਰਦੇ ਹੋਏ ਕਿਹਾ ਕਿ ‘ਇਕ ਪਰਿਵਾਰ ’ਚ ਇਕ ਟਿਕਟ’ ਦੀ ਪਾਲਸੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਹਲਕਾ ਰਾਏਕੋਟ ਤੋਂ ਆਪਣੇ ਪੁੱਤਰ ਕਾਮਿਲ ਬੋਪਾਰਾਏ ਲਈ ਟਿਕਟ ਦੀ ਮੰਗ ਕਰ ਰਹੇ ਹਨ ਅਤੇ ਇਸੇ ਸਬੰਧ ’ਚ ਰਾਏਕੋਟ ’ਚ ਉਨ੍ਹਾਂ ਦੇ ਹੱਕ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਬੜਿੰਗ ਰੈਲੀਆਂ ਕਰ ਚੁੱਕੇ ਹਨ। ਇਸੇ ਸਬੰਧ ਵਿੱਚ ਗੁਰਪਾਲ ਸਿੰਘ ਗੋਲਡੀ ਨੇ ਕਿਹਾ ਕਿ ਅਜੇ ਟਿਕਟਾਂ ਦਾ ਫ਼ੈਸਲਾ ਨਹੀਂ ਹੋਇਆ ਤੇ ਟਿਕਟਾਂ ਦੀ ਵੰਡ ਸਬੰਧੀ ਪ੍ਰੀਕ੍ਰਿਆ ਸ਼ੁਰੂ ਹੋਣੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ 40 ਪਿੰਡਾਂ ਦੇ ਸਰਪੰਚਾਂ ਦਾ ਉਨ੍ਹਾਂ ਨੂੰ ਸਾਥ ਪ੍ਰਾਪਤ ਹੈ ਤੇ ਇਹ ਸਾਰੇ ਉਸ ਦੇ ਹੱਕ ਵਿੱਚ ਭੁਗਤਨਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਉਹ ਕੀ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਉਹ ਹਰ ਹਾਲ ਵਿੱਚ ਚੋਣ ਲੜਨਗੇ, ਕਿਸ ਵਲੋਂ ਇਹ ਸਮਾਂ ਦੱਸੇਗਾ।