ਲਾਪਤਾ ਪਾਵਨ ਸਰੂਪ ਮਾਮਲਾ

ਸੁਖਬੀਰ ਬਾਦਲ ਤੇ ਲੌਂਗੋਵਾਲ ਦੇ ਪੁਤਲੇ ਫੂਕੇ

ਸੁਖਬੀਰ ਬਾਦਲ ਤੇ ਲੌਂਗੋਵਾਲ ਦੇ ਪੁਤਲੇ ਫੂਕੇ

ਤਾਜਪੁਰ ਚੌਕ ਵਿੱਚ ਸੁਖਬੀਰ ਬਾਦਲ ਤੇ ਗੋਬਿੰਦ ਸਿੰਘ ਲੌਂਗੋਵਾਲ ਦਾ ਪੁਤਲਾ ਫੂਕਦੇ ਹੋਏ ਆਗੂ।

ਰਾਮ ਗੋਪਾਲ ਰਾਏਕੋਟੀ
ਰਾਏਕੋਟ, 27 ਸਤੰਬਰ

ਪੰਥਕ ਅਕਾਲੀ ਲਹਿਰ ਦੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਗੁੰਮ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ’ਚ ਅੱਜ ਸਥਾਨਕ ਤਾਜਪੁਰ ਚੌਕ ਵਿੱਚ ਸਾਂਝੇ ਤੌਰ ’ਤੇ ਕੀਤੇ ਗਏ ਇਕ ਰੋਸ ਮੁਜ਼ਾਹਰੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਸਾੜੇ ਗਏ। ਪੰਥਕ ਅਕਾਲੀ ਲਹਿਰ ਦੇ ਯੂਥ ਵਿੰਗ ਦੇ ਸੂਬਾ ਕਮੇਟੀ ਆਗੂ ਲਖਵੰਤ ਸਿੰਘ ਦੋਬੁਰਜੀ, ਰਾਜਦੀਪ ਸਿੰਘ ਆਂਡਲੂ, ਮਨਜੀਤ ਸਿੰਘ ਰਾਏਕੋਟ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗੁੰਮ ਹੋ ਗਏ ਸਨ, ਜਿਨ੍ਹਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਤੱਕ ਸੰਗਤ ਨੂੰ ਲਗਾਤਾਰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾਂ ਕਿ ਜਾਂਚ ਕਮੇਟੀ ਵੀ ਇਸ ਸਬੰਧੀ ਕੁਝ ਨਹੀਂ ਦੱਸ ਸਕੀ ਹੈ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੀ ਇਸ ਮਾਮਲੇ ਵਿੱਚ ਸੰਗਤ ਦੇ ਭਰਮ ਦੂਰ ਨਹੀਂ ਕੀਤੇ ਜਾ ਸਕੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਜੇਕਰ ਇਸ ਮਾਮਲੇ ਵਿੱਚ ਸਬੰਧਤ ਦੋਸ਼ੀਆਂ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਦਾ ਇਹ ਵਿਰੋਧ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਮਨਪ੍ਰੀਤ ਸਿੰਘ ਤਲਵੰਡੀ, ਗੁਰਮਿੰਦਰ ਸਿੰਘ ਗੋਗੀ ਭੁੱਲਰ, ਜਗਤਾਰ ਸਿੰਘ ਤਾਰਾ ਤਲਵੰਡੀ, ਕੁਲਦੀਪ ਸਿੰਘ ਕੱਦੂ ਜੌਹਲਾਂ, ਡਾ. ਗੁਰਮੇਲ ਸਿੰਘ, ਸੋਹਣ ਸਿੰਘ ਤਾਜਪੁਰ, ਬਿੰਦਰਜੀਤ ਸਿੰਘ ਗਿੱਲ, ਬਲਜਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਡਕੌਂਦਾ, ਸਾਬਕਾ ਸਰਪੰਚ ਜਗਦੀਪ ਸਿੰਘ ਰਾਜੋਆਣਾ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All