ਗਗਨਦੀਪ ਅਰੋੜਾ
ਲੁਧਿਆਣਾ, 27 ਨਵੰਬਰ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਹੁਣ ਸ਼ਹਿਰ ਵਿਚ ਹੋਰ ਵਿਕਾਸ ਕਰਨ ਲਈ ਬੈਂਕ ਤੋਂ 100 ਕਰੋੜ ਰੁਪਏ ਦਾ ਕਰਜ਼ ਲਵੇਗੀ। ਇਸ ਲਈ ਨਗਰ ਨਿਗਮ ਦੀ ਪ੍ਰਾਪਰਟੀ ਗਿਰਵੀ ਰੱਖੀ ਜਾਵੇਗੀ। ਕਰਜ਼ ਲੈਣ ਲਈ ਨਿਗਮ ਨੇ ਸਾਰੀ ਤਿਆਰੀ ਖਿੱਚ ਲਈ ਹੈ। ਇਸ ਲਈ ਮੇਅਰ ਬਲਕਾਰ ਸਿੰਘ ਸੰਧੂ ਤੇ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ 11 ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੀ ਅਕਾਲੀ ਸਰਕਾਰ ਵੇਲੇ ਨਿਗਮ ਵੱਲੋਂ 200 ਕਰੋੜ ਦਾ ਬੈਂਕ ਕਰਜ਼ ਲਿਆ ਗਿਆ ਸੀ, ਜੋਕਿ ਹੁਣ ਖਤਮ ਹੋਣ ਵਾਲਾ ਹੈ। ਬੈਂਕਾਂ ਨਾਲ ਮੀਟਿੰਗ ਕਰਕੇ ਨਿਗਮ ਨੇ ਬੈਂਕਾਂ ਦੇ ਅਧਿਕਾਰੀਆਂ ਤੋਂ ਘੱਟ ਵਿਆਜ ’ਚ 100 ਕਰੋੜ ਲੈਣ ਦੇਣ ਦੀ ਯੋਜਨਾ ਮੰਗੀ ਹੈ, ਜੋ ਵੀ ਬੈਂਕ ਹੁਣ ਘੱਟ ਵਿਆਜ ’ਤੇ ਕਰਜ ਦੇਵੇਗਾ, ਉਸ ਕੋਲ ਨਿਗਮ ਆਪਣੀ ਜ਼ਮੀਨ ਨੂੰ ਗਿਰਵੀ ਰੱਖ ਦੇਵੇਗਾ। ਮੇਅਰ ਬਲਕਾਰ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਗਮ ਨਵਾਂ ਲੋਨ ਨਹੀਂ ਲੈਣ ਜਾ ਰਹੀ, ਪਿਛਲਾ ਕਰਜ਼ ਪੂਰਾ ਹੋਣ ਵਾਲਾ ਹੈ, ਉਸ ਦੇ ਬਦਲੇ ’ਚ ਇਸ ਵਾਰ 200 ਕਰੋੜ ਦੀ ਥਾਂ ’ਤੇ 100 ਕਰੋੜ ਦਾ ਕਰਜ ਲਿਆ ਜਾ ਰਿਹਾ ਹੈ। ਜਦੋਂ ਕਿ ਲੋਨ ਚੁਕਾਉਣ ਦੀ ਇਸ ਵਾਰ ਟਰਮ 14 ਸਾਲ ਦੀ ਹੋਵੇਗੀ ਤੇ ਸਭ ਤੋਂ ਘੱਟ ਵਿਆਜ ’ਤੇ ਲੋਨ ਦੇਣ ਅਤੇ ਸੀਐਸਆਰ ਦੇ ਤਹਿਤ ਸਿਟੀ ’ਚ ਕੋਈ ਨਵੇਂ ਵਿਕਾਸ ਕਰਕੇ ਦੇਣ ਵਾਲੇ ਬੈਂਕ ਤੋਂ ਹੀ ਕਰਜ਼ ਕਰਵਾਇਆ ਜਾਵੇਗਾ। ਇਹ ਸਾਰਾ ਪੈਸਾ ਸਿਰਫ਼ ਤੇ ਸਿਰਫ਼ ਸ਼ਹਿਰ ਦੇ ਨਵੇਂ ਵਿਕਾਸ ’ਤੇ ਖਰਚ ਹੋਵੇਗਾ। ਇਸ ਤੋਂ ਇਲਾਵਾ ਹੋਰ ਪਾਸੋਂ ਖਜ਼ਾਨਾ ਭਰਨ ਲਈ ਪਿਛਲੇ ਸਮੇਂ ਦੌਰਾਨ ਕੌਂਸਲਰਾਂ ਨੇ ਮੁੱਦਾ ਚੁੱਕਿਆ ਸੀ ਕਿ ਨਿਗਮ ਹਦ ਤੋਂ ਬਾਹਰੀ ਕਲੋਨੀਆਂ ਦਾ ਸੀਵਰੇਜ ਕੁਨੈਕਸ਼ਨ ਗੈਰ ਕਾਨੂੰਨੀ ਤਰੀਕੇ ਨਾਲ ਨਿਗਮ ਦੇ ਸੀਵਰੇਜ ਨਾਲ ਜੁੜਿਆ ਹੈ, ਜਿਨ੍ਹਾਂ ਤੋਂ ਡਿਸਪੋਜਲ ਚਾਰਜ ਵਸੂਲਿਆ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਗਲਾਡਾ ਤੋਂ ਵੀ ਨਿਗਮ ਨੇ 31 ਕਰੋੜ ਰੁਪਏ ਪਿਛਲੇਂ ਸਾਲ ਦੇ ਲੈਣੇ ਹਨ, ਜਦੋਂ ਕਿ ਇਸ ਸਾਲ ਦੇ ਮਿਲਾ ਕੇ ਇਹ ਰਕਮ ਹੋਰ ਵੱਧ ਜਾਵੇਗੀ।