ਟ੍ਰਿਬਿਊਨ ਨਿਊਜ਼ ਸਰਵਿਸ
ਸਰਾਭਾ, 18 ਅਕਤੂਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਮੈਡੀਕਲ ਹਸਪਤਾਲ ਪਿੰਡ ਸਰਾਭਾ ਦੇ ਡੈਂਟਲ ਵਿਭਾਗ ਵੱਲੋਂ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਕੱਲ ਦੇ ਵਾਰਿਸ ਹਨ, ਜੋ ਹੁਨਰ ਪੰਜਾਬ ਵਿੱਚ ਚੰਗੀ ਪੜ੍ਹਾਈ ਕਰ ਰਹੇ ਬੱਚਿਆਂ ਕੋਲ ਹੈ, ਉਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਸੂਬਾ ਸਰਕਾਰ ਸਿਹਤ ਸਿੱਖਿਆ, ਪੜ੍ਹਾਈ ਅਤੇ ਖੇਡਾਂ ਦੀ ਤਰੱਕੀ ਲਈ ਹਮੇਸ਼ਾ ਹੀ ਯਤਨਸ਼ੀਲ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਦਾ ਇਹ ਸੁਪਨਾ ਹੈ ਕਿ ਪੰਜਾਬ ਦੇ ਬੱਚੇ ਪੜ੍ਹਾਈ ਮੁਕੰਮਲ ਕਰਕੇ ਸੂਬੇ ਵਿੱਚ ਹੀ ਰਾਜ ਕਰਨ। ਬੱਚਿਆਂ ਦੀ ਸਕਾਲਰਸ਼ਿਪ ਸਬੰਧੀ ਉਨ੍ਹਾਂ ਕਿਹਾ ਕਿ ਉਹ ਵਜ਼ੀਫ਼ੇ ਦਾ ਪੈਸਾ ਜਲਦੀ ਹੀ ਜਾਰੀ ਕਰਵਾਉਣਗੇ। ਡਾ. ਕੇ.ਐਨ.ਐਸ. ਕੰਗ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਵਿਧਾਇਕ ਰਾਏਕੋਟ ਹਾਕਮ ਸਿੰਘ ਠੇਕੇਦਾਰ, ਸੀਨੀਅਰ ਆਪ ਲੀਡਰ ਡਾ. ਕੇ.ਐਨ.ਐਸ. ਕੰਗ, ਚੇਅਰਪਰਸਨ ਪਰਮਜੀਤ ਕੌਰ, ਪਵਿੱਤਰ ਸਿੰਘ ਗਰੇਵਾਲ, ਡਾ. ਗਗਨਦੀਪ ਕੌਰ, ਸਾਧੂ ਸਿੰਘ, ਜਸਵਿੰਦਰ ਰਾਣਾ, ਟਹਿਲ ਸਿੰਘ ਕੈਲੇ ਨੇ ਸੰਬੋਧਨ ਕੀਤਾ। ਇਸ ਮੌਕੇ ਏਡੀਸੀ ਅਨੀਤਾ ਦਰਸ਼ੀ, ਤਹਿਸੀਲਦਾਰ ਤੇਜਿੰਦਰ ਪਾਲ ਸਿੰਘ, ਚੇਅਰਮੈਨ ਗੌਰਵਦੀਪ ਸਿੰਘ, ਸਰਪੰਚ ਸੁਖਜਿੰਦਰ ਕੌਰ, ਪ੍ਰਧਾਨ ਕੁਲਦੀਪ ਸਿੰਘ, ਅਮਰ ਸਿੰਘ ਸੈਕਟਰੀ, ਤੇਜਿੰਦਰ ਸਿੰਘ ਬੱਲੋਵਾਲ ਬਲਾਕ ਇੰਚਾਰਜ, ਤਪਿੰਦਰ ਸਿੰਘ ਜੋਧਾਂ ਤੇ ਦਲਵੀਰ ਸਿੰਘ ਜੋਧਾਂ ਮੌਜੂਦ ਸਨ।