ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਅਕਤੂਬਰ
ਪਿੰਡ ਲਲਤੋਂ ਕਲਾਂ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨ ਕਿਸਾਨਾਂ ਅਤੇ ਮਜ਼ਦੂਰਾਂ ਨੇ ਉਸ ਵੇਲੇ ਸੁੱਖ ਦਾ ਸਾਹ ਲਿਆ, ਜਦੋਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਹਾਇਕ ਸਕੱਤਰ ਸਾਥੀ ਰਘਬੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸਹਿਜਾਦ, ਡਾ. ਪ੍ਰਦੀਪ ਜੋਧਾਂ ਅਤੇ ਡਾ: ਅਜੀਤ ਰਾਮ ਝਾਂਡੇ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਸਮੱਸਿਆ ਡੀਐੱਫਐਸਸੀ ਮਿਨਾਕਸ਼ੀ ਦੇ ਧਿਆਨ ਵਿੱਚ ਲਿਆਂਦੀ। ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਿਸ ’ਤੇ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਬੈਠੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੇ ਸੁੱਖ ਦਾ ਸਾਹ ਲਿਆ।
ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਨਾਲ ਹੀ ਮਸਲੇ ਹੱਲ ਹੁੰਦੇ ਹਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਪਾਲਾ ਝਾਂਡੇ, ਹਰਿੰਦਰ ਸਿੰਘ, ਜਸਮੇਲ ਸਿੰਘ ਲਲਤੋਂ, ਪ੍ਰਗਟ ਸਿੰਘ ਗਰੇਵਾਲ, ਸਤਵਿੰਦਰ ਸਿੰਘ ਝਾਂਡੇ, ਬਿਕਰਮਜੀਤ ਸਿੰਘ ਲਲਤੋਂ, ਗੁਰਵਿੰਦਰ ਖੇੜੀ, ਬਲਜਿੰਦਰ ਸਿੰਘ ਬਾਲੀ ਅਤੇ ਮਨਪ੍ਰੀਤ ਸਿੰਘ ਨੇ ਹੋਰਨਾਂ ਦਾਣਾ ਮੰਡੀਆਂ ਦਾ ਦੌਰਾ ਕਰਨ ਦੀ ਵੀ ਫ਼ੈਸਲਾ ਕੀਤਾ।
ਮੌਸਮ ਬਦਲਣ ਕਾਰਨ ਝੋਨੇ ’ਚ ਨਮੀ ਦੀ ਮਾਤਰਾ ਵਧੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਪਿਛਲੇ ਦਿਨੀਂ ਪਏ ਮੀਂਹ ਕਾਰਨ ਝੋਨੇ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ ਵਧ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿੱਚ ਨਿਰਧਾਰਿਤ ਮਾਤਰਾ ਤੋਂ ਵੱਧ ਆ ਰਹੀ ਨਮੀ ਵਾਲਾ ਝੋਨਾ ਨਾ ਖਰੀਦਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਕਈ-ਕਈ ਦਿਨ ਬੈਠਣਾ ਪੈ ਰਿਹਾ ਹੈ। ਪਿੰਡ ਰਾਜੇਵਾਲ ਦੇ ਪਾਲ ਸਿੰਘ ਅਤੇ ਪਿੰਡ ਹੋਲ ਦੇ ਪਵਿੱਤਰ ਸਿੰਘ ਨੇ ਦੱਸਿਆ ਕਿ ਮੀਂਹ ਤੋਂ ਪਹਿਲਾ ਵੀ ਮੌਸਮ ਦੀ ਤਬਦੀਲੀ ਕਾਰਨ ਫ਼ਸਲ ਵਿੱਚ ਨਮੀ ਦਾ ਮਾਤਰਾ ਵੱਧ ਸੀ, ਜਿਸ ਕਾਰਨ ਕਿਸਾਨ ਦੀ ਫ਼ਸਲ ਦੇ ਭਾਅ ਮੰਡੀ ਵਿੱਚ ਆਉਣ ਸਾਰ ਨਹੀਂ ਲੱਗਦੇ ਸੀ ਪਰ ਮੀਂਹ ਕਾਰਨ ਹੋਰ ਵੀ ਸਮੱਸਿਆ ਵਧ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਦੇ ਫੜਾਂ ਵਿੱਚ ਫ਼ਸਲ ਨੂੰ ਮਜ਼ਦੂਰਾਂ ਵੱਲੋਂ ਸੁਕਾਇਆ ਜਾ ਰਿਹਾ ਹੈ, ਜਿਸ ਕਾਰਨ ਕੰਮ ਲਈ ਵਾਧੂ ਖਰਚਾ ਦੇਣਾ ਪੈ ਰਿਹਾ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮੰਡੀ ਵਿਚ ਰੋਜ਼ਾਨਾ 37452 ਕੁਇੰਟਲ ਦੇ ਕਰੀਬ ਫਸਲ ਆ ਰਹੀ ਹੈ, ਹੁਣ ਤੱਕ ਅਨਾਜ ਮੰਡੀ ਖੰਨਾ ਤੋਂ 415861 ਕੁਇੰਟਲ ਫਸਲ ਦੀ ਖ਼ਰੀਦ ਹੋ ਚੁੱਕੀ ਹੈ। ਇਸ ਦੇ ਨਾਲ ਹੀ 343947 ਕੁਇੰਟਲ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 71914 ਕੁਇੰਟਲ ਝੋਨਾ ਚੁਕਾਈ ਖੁਣੋਂ ਪਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਂਹ ਕਾਰਨ ਝੋਨੇ ’ਚ ਨਮੀ ਵਧੀ ਹੈ, ਜਿਸ ਕਾਰਨ ਮੰਡੀ ਵਿੱਚ ਫ਼ਸਲ ਵੀ ਘੱਟ ਆ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਮੰਡੀ ਵਿੱਚ ਝੋਨਾ ਸੁਕਾ ਕੇ ਲਿਆਉਣ ਦੀ ਅਪੀਲ ਕੀਤੀ।