ਸਤਵਿੰਦਰ ਬਸਰਾ
ਲੁਧਿਆਣਾ, 11 ਅਕਤੂਬਰ
ਪੀਏਯੂ ਵਿੱਚ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਅੱਜ ਲੱਗੇ ਭੋਜਨ ਉਦਯੋਗ ਅਤੇ ਕਰਾਫ਼ਟ ਮੇਲੇ ਨੂੰ ਕਾਫ਼ੀ ਹੁੰਗਾਰਾ ਮਿਲਿਆ। ਇਸ ਮੇਲੇ ਵਿੱਚ ਪੰਜਾਬ ਭਰ ਤੋਂ ਖੇਤੀ ਕਾਰੋਬਾਰੀ ਉੱਦਮੀ, ਪ੍ਰੋਸੈਸਿੰਗ ਨਾਲ ਜੁੜੇ ਸੰਗਠਨ, ਕਿਸਾਨ ਨਿਰਮਾਤਾ ਸੰਗਠਨ ਅਤੇ ਸਵੈ-ਸੇਵੀ ਸੰਸਥਾਵਾਂ ਦੇ ਨਾਲ-ਨਾਲ ਗਾਹਕਾਂ ਦੇ ਰੂਪ ਵਿੱਚ ਆਮ ਲੋਕ ਅਤੇ ਭੋਜਨ ਉਦਯੋਗ ਦੇ ਖੇਤਰ ਦੇ ਮਾਹਿਰ ਸ਼ਾਮਿਲ ਹੋਏ । ਮੇਲੇ ਦੇ ਮੁੱਖ ਮਹਿਮਾਨ ਪੀਏਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਸਨ ਜਦਕਿ ਵਿਸ਼ੇਸ਼ ਮਹਿਮਾਨ ਨਾਬਾਰਡ ਦੇ ਸਹਾਇਕ ਜਨਰਲ ਮੈਨੇਜਰ ਦਵਿੰਦਰ ਕੁਮਾਰ ਸਨ। ਮੇਲੇ ਵਿੱਚ ਪੀਏਯੂ ਤੋਂ ਸਿਖਲਾਈ ਲੈ ਕੇ ਲਘੂ ਇਕਾਈਆਂ ਸਥਾਪਤ ਕਰਨ ਵਾਲਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਸੈਲਫ ਹੈਲਪ ਗਰੁੱਪਾਂ ਨੇ ਆਪਣੇ ਸਟਾਲ ਲਾਏ ਹੋਏ ਸਨ। ਮੇਲੇ ਵਿੱਚ ਲਾਏ 200 ਦੇ ਕਰੀਬ ਵੱਖ ਵੱਖ ਸਟਾਲਾਂ ’ਤੇ ਗੁੜ੍ਹ, ਹਲਦੀ, ਮਸਾਲੇ, ਵੜੀਆਂ, ਪਾਪੜ, ਸ਼ਹਿਦ, ਸੱਕਰ, ਵੱਖ ਵੱਖ ਤਰ੍ਹਾਂ ਦੇ ਆਟੇ ਤੋਂ ਬਣੇ ਬਿਸਕੁਟ ਅਤੇ ਹੋਰ ਪਕਵਾਨ ਸਮੇਤ ਗੁਣਕਾਰੀ ਤੱਤਾਂ ਨਾਲ ਭਰਪੂਰ ਹੋਰ ਖਾਣ ਵਾਲੀਆਂ ਚੀਜ਼ਾਂ ਇਸ ਮੇਲੇ ਦਾ ਮੁੱਖ ਆਕਰਸ਼ਨ ਰਹੀਆਂ। ਪ੍ਰਬੰਧਕਾਂ ਦਾ ਮੰਨਣਾ ਸੀ ਕਿ ਮੌਜੂਦਾ ਸਮੇਂ ਬਹੁਤੇ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਗਏ ਹਨ ਜਿਸ ਕਰਕੇ ਉਹ ਬਿਨਾਂ ਮਿਲਾਵਟ ਵਾਲੀਆਂ ਚੀਜ਼ਾਂ ਖ੍ਰੀਦਣ ਨੂੰ ਪਹਿਲ ਦਿੰਦੇ ਹਨ। ਅਜਿਹੇ ਲੋਕਾਂ ਲਈ ਇਹ ਮੇਲਾ ਬਹੁਤ ਅਹਿਮ ਰਿਹਾ। ਮੇਲੇ ਵਿੱਚ ਹੱਥਾਂ ਨਾਲ ਤਿਆਰ ਕੀਤੀਆਂ ਸਜਾਵਟੀ ਵਸਤਾਂ ਅਤੇ ਹੋਰ ਸਜਾਵਟੀ ਸਾਮਾਨ ਵੀ ਮੇਲਾ ਦੇਖਣ ਵਾਲਿਆਂ ਨੂੰ ਵਧੇਰੇ ਪਸੰਦ ਆਇਆ। ਇਸ ਮੇਲੇ ਦਾ ਮੁੱਖ ਮਕਸਦ ਲਘੂ ਇਕਾਈਆਂ ਸਥਾਪਤ ਕਰਨ ਵਾਲਿਆਂ ਨੂੰ ਸਿੱਧਾ ਗਾਹਕ ਦੇ ਸੰਪਰਕ ਵਿੱਚ ਲਿਆਉਣਾ ਸੀ ਤਾਂ ਜੋ ਉਨ੍ਹਾਂ ਨੂੰ ਤਿਆਰ ਕੀਤੀਆਂ ਚੀਜ਼ਾਂ ਨੂੰ ਵੇਚਣ ਦਾ ਗੁਰ ਆ ਸਕੇ। ਉਪ ਕੁਲਪਤੀ ਡਾ. ਗੋਸਲ ਨੇ ਕਿਹਾ ਕਿ ਪੀਏਯੂ ਨੂੰ ਹੀ ਹੁਣ ਪ੍ਰੋਸੈਸਿੰਗ ਦੇ ਖੇਤਰ ਵਿੱਚ ਖੇਤੀ ਦੀ ਵਾਗਡੋਰ ਸੰਭਾਲਣੀ ਹੋਵੇਗੀ। ਇਸ ਮੌਕੇ ਨਾਬਾਰਡ ਦੇ ਸਹਾਇਕ ਜਨਰਲ ਮੈਨੇਜਰ ਦਵਿੰਦਰ ਕੁਮਾਰ, ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆਵ ਵੀ ਹਾਜ਼ਰ ਸਨ।