ਲੁਧਿਆਣਾ (ਖੇਤਰੀ ਪ੍ਰਤੀਨਿਧ): ਲੋਕ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ‘ਮਾਣ ਪੰਜਾਬ ਦਾ’ ਐਵਾਰਡ ਦੇ ਕਿ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ, ਦੁਸ਼ਾਲਾ ਆਦਿ ਦਿੱਤੇ ਗਏ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ ਜਦਕਿ ਵਿਸੇਸ਼ ਮਹਿਮਾਨ ਵਜੋਂ ਪ੍ਰੋ. ਗੁਰਭਜਨ ਗਿੱਲ, ਦਰਸ਼ਨ ਬੁੱਟਰ, ਡਾ. ਯੋਗਰਾਜ ਅਤੇ ਡਾ. ਤੇਜਵੰਤ ਮਾਨ ਹਾਜ਼ਰ ਹੋਏ। ਸਨਮਾਨਿਤ ਸਖਸ਼ੀਅਤ ਡਾ. ਜੌਹਲ ਨੇ ਕਿਹਾ ਕਿ ਕੁਦਰਤ ਦਾ ਉਨ੍ਹਾਂ ਦੀ ਸ਼ਖਸੀਅਤ ਸੰਵਾਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ। ਉਹ ਧਰਤੀ ਹੇਠਲੇ ਪਾਣੀ ਦੇ ਖਤਮ ਹੋਣ ਬਾਰੇ ਚਿੰਤਤ ਹਨ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕਦੇ ਨਹੀਂ ਸੁਣੀ। ਇਸ ਮੌਕੇ ਉਨ੍ਹਾਂ ਨੇ ਇਨਾਮ ਵਜੋਂ ਮਿਲੀ ਇੱਕ ਲੱਖ ਰੁਪਏ ਦੀ ਰਾਸ਼ੀ ਅਕਾਡਮੀ ਵਿੱਚ ਕੈਮਰੇ ਲਾਉਣ ਲਈ ਦੇਣ ਦਾ ਐਲਾਨ ਕੀਤਾ।