ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਅਕਤੂਬਰ
ਨੌਜਵਾਨ ਸਾਡੇ ਦੇਸ਼ ਤੇ ਸਮਾਜ ਦਾ ਭਵਿੱਖ ਹਨ ਅਤੇ ਖੇਡਾਂ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ’ਚ ਅਹਿਮ ਯੋਗਦਾਨ ਦਿੰਦੀਆਂ ਹਨ। ਇੱਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ’ਚ ਖੇਡਾਂ ਦਾ ਅਹਿਮ ਸਥਾਨ ਹੈ।’ ਇਹ ਗੱਲ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਜੱਥੇਦਾਰ ਸੁਖਵੰਤ ਸਿੰਘ ਟਿੱਲੂ ਨੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਖੰਨਾ ਵੱਲੋਂ ਕਰਵਾਏ ਛੇਵੇਂ ਸ਼ਾਨਦਾਰ ਲੱਪਾ ਵਾਲੀਬਾਲ ਟੂਰਨਾਮੈਂਟ ਮੌਕੇ ਕਹੀ। ਉਨ੍ਹਾਂ ਸਮਾਗਮ ਮੌਕੇ ਇਨਾਮਾਂ ਦੀ ਵੰਡ ਕਰਦਿਆਂ ਖਿਡਾਰੀਆਂ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਤੇ ਖੇਡ ਭਾਵਨਾ ਨਾਲ ਖੇਡਣ ਦੀ ਨਸੀਹਤ ਦਿੱਤੀ। ਉਨ੍ਹਾਂ ਬਾਕੀ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ, ਚੰਗੇ ਇਨਸਾਨ ਬਣਕੇ ਸਮਾਜ ਦੀ ਸੇਵਾ ਕਰਨ ਤੇ ਚੰਗਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ।