ਸਤਵਿੰਦਰ ਬਸਰਾ
ਲੁਧਿਆਣਾ, 14 ਸਤੰਬਰ
ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਦਿਨ ਲੜਕਿਆਂ ਦਾ ਹੈਂਡਬਾਲ ਮੁਕਾਬਲਾ ਪੀਏਯੂ ਸਕੂਲ ਨੇ ਜਿੱਤਿਆ ਜਦਕਿ ਖੋ-ਖੋ ਵਿੱਚ ਸਰਕਾਰੀ ਹਾਈ ਸਕੂਲ ਚੌਕੀਮਾਨ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਖੇਡਾਂ ਦੇ ਤੀਜੇ ਦਿਨ ਹੈਂਡਬਾਲ ਲੜਕੇ, ਜੂਡੋ, ਖੋ-ਖੋ, ਬਾਸਕਟਬਾਲ, ਟੇਬਲ ਟੈਨਿਸ, ਵਾਲੀਬਾਲ, ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਹੋਏ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਲੜਕਿਆਂ ਦੇ ਹੈਂਡਬਾਲ ਮੁਕਾਬਲੇ ਵਿੱਚ ਪੀਏਯੂ ਸਕੂਲ ਪਹਿਲੇ, ਬੀਵੀਐਮ ਕਿਚਲੂ ਨਗਰ ਸਕੂਲ ਦੀ ਟੀਮ ਦੂਜੇ ਅਤੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਤੀਜੇ ਸਥਾਨ ’ਤੇ ਰਿਹਾ। ਜੂਡੋ ਲੜਕਿਆਂ ਦੇ 30 ਕਿਲੋ ਭਾਰ ਵਰਗ ਵਿੱਚ ਅਰਸ਼ਦੀਪ, ਜਸਨੂਰ, 40 ਕਿਲੋਗ੍ਰਾਮ ਭਾਰ ਵਰਗ ’ਚ ਸ਼ੋਰੀਆ, ਜੁਡੋ ਲੜਕੀਆਂ ਦੇ 28 ਕਿਲੋਗ੍ਰਾਮ ਭਾਰ ਵਰਗ ’ਚ ਮਾਨਸੀ, 32 ਕਿਲੋਗ੍ਰਾਮ ਭਾਰ ’ਚ ਨਮਰਤਾ, 36 ਕਿਲੋ ’ਚ ਮੀਨੂੰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਲੜਕਿਆਂ ਦੇ ਖੋ-ਖੋ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਚੌਕੀਮਾਨ, ਲੜਕੀਆਂ ਵਿੱਚੋਂ ਗੁਰੂ ਨਾਨਕ ਸਕੂਲ ਬੱਸੀਆ, ਬਾਸਕਟਬਾਲ ਲੜਕਿਆਂ ਵਿੱਚੋਂ ਡੀਜੀਐਸਜੀ ਕਲੱਬ ਅਤੇ ਲੜਕੀਆਂ ਵਿੱਚੋਂ ਗੁਰੂ ਨਾਨਕ ਕਲੱਬ, ਟੇਬਿਲ ਟੈਨਿਸ ਲੜਕਿਆਂ ਵਿੱਚੋਂ ਰਾਘਵ ਅਤੇ ਲੜਕੀਆਂ ਵਿੱਚੋਂ ਯਸ਼ਵੀ ਸ਼ਰਮਾ, ਵਾਲੀਬਾਲ ’ਚ ਲੜਕਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਅਤੇ ਲੜਕੀਆਂ ਵਿੱਚੋਂ ਸਰਕਾਰੀ ਹਾਈ ਸਕੂਲ ਬੁਲੇਪੁਰ, ਫੁੱਟਬਾਲ ’ਚ ਲੜਕਿਆਂ ਵਿੱਚੋਂ ਅਲੂਣਾ ਤੋਲਾ, ਲੜਕੀਆਂ ਵਿੱਚੋਂ ਗੁੱਜਰਵਾਲ ਫੁੱਟਬਾਲ ਅਕੈਡਮੀ, ਕਬੱਡੀ ਨੈਸ਼ਨਲ ਸਟਾਈਲ ’ਚ ਲੜਕੀਆਂ ਵਿੱਚੋਂ ਸਰਕਾਰੀ ਹਾਈ ਸਕੂਲ ਜੱਸੋਵਾਲ, ਕਬੱਡੀ ਸਰਕਲ ਸਟਾਈਲ ’ਚ ਲੜਕਿਆਂ ਵਿੱਚੋਂ ਸਰਕਾਰੀ ਮਿਡਲ ਸਕੂਲ ਖਹਿਰਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਵੇਟ ਲਿਫਟਿੰਗ: ਨਵਦੀਪ ਸਿੰਘ ਬੀਜਾ ਨੇ ਸੋਨ ਤਗ਼ਮਾ ਜਿੱਤਿਆ
ਸਮਰਾਲਾ: ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਗਿਆਰ੍ਹਵੀਂ ਆਰਟਸ ਜਮਾਤ ਦੇ ਵਿਦਿਆਰਥੀ ਨਵਦੀਪ ਸਿੰਘ ਬੀਜਾ ਨੇ ਜ਼ਿਲ੍ਹਾ ਪੱਧਰ ’ਤੇ 81 ਕਿਲੋ ਵੇਟ ਲਿਫਟਿੰਗ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਵਿਦਿਆਰਥੀ ਦੇ ਸਮੂਹ ਪਰਿਵਾਰ, ਕੋਚ ਅਤੇ ਕੋਚਿੰਗ ਸੈਂਟਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਬਿੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਹਾਜ਼ਰ ਸਨ। -ਪੱਤਰ ਪ੍ਰੇਰਕ