ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੁਧਿਆਣਾ ਵਿੱਚ ਅੱਜ ਅੰਡਰ-17 ਉਮਰ ਵਰਗ ਵਿੱਚ ਸਾਫਟਬਾਲ ਅਤੇ ਹੈਂਡਬਾਲ ਦੇ ਫਾਈਨਲ ਮੁਕਾਬਲੇ ਹੋਏ। ਸਾਫਟਬਾਲ ਦੇ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਦੀ ਟੀਮ ਜਦਕਿ ਲੜਕੀਆਂ ਵਿੱਚੋਂ ਫਿਰੋਜ਼ਪੁਰ ਦੀ ਟੀਮ ਜੇਤੂ ਰਹੀਆਂ। ਇਸੇ ਤਰ੍ਹਾਂ ਹੈਂਡਬਾਲ ਅੰਡਰ-17 ਵਰਗ ਵਿੱਚ ਜਲੰਧਰ ਦੇ ਲੜਕੇ ਅਤੇ ਮੁਹਾਲੀ ਦੀਆਂ ਲੜਕੀਆਂ ਨੂੰ ਪਹਿਲੇ ਸਥਾਨ ਮਿਲੇ।
ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਫਟਬਾਲ ਅੰਡਰ-17 ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚੋਂ ਲੁਧਿਆਣਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਫਾਜ਼ਿਲਕਾ ਨੇ ਤੀਜਾ ਸਥਾਨ ਜਦਕਿ ਲੜਕੀਆਂ ਵਿੱਚੋਂ ਫਿਰੋਜ਼ਪੁਰ ਨੇ ਪਹਿਲਾ, ਲੁਧਿਆਣਾ ਨੇ ਦੂਜਾ ਜਦਕਿ ਫਾਜ਼ਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਅੰਡਰ-17 ’ਚ ਲੜਕਿਆਂ ਵਿੱਚੋਂ ਜਲੰਧਰ ਦੀ ਟੀਮ ਨੇ ਪਹਿਲਾ, ਪਟਿਆਲਾ ਨੇ ਦੂਜਾ ਜਦਕਿ ਅੰਮ੍ਰਿਤਸਰ ਤੇ ਫਤਹਿਗੜ੍ਹ ਸਾਹਿਬ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਖੇਡ ’ਚ ਲੜਕੀਆਂ ਵਿੱਚੋਂ ਮੁਹਾਲੀ ਦੀ ਟੀਮ ਨੇ ਪਹਿਲਾ, ਫਰੀਦਕੋਟ ਨੇ ਦੂਜਾ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਜੂਡੋ ਅੰਡਰ-17 ’ਚ ਲੜਕਿਆਂ ਦੀ ਓਵਰਆਲ ਚੈਂਪੀਅਨ ਵਿੱਚ ਪਟਿਆਲਾ ਪਹਿਲੇ, ਐਸਏਐਸ ਨਗਰ ਨੇ ਦੂਜਾ ਜਦਕਿ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿੱਚੋਂ ਹੁਸ਼ਿਆਰਪੁਰ ਨੇ ਪਹਿਲਾ, ਪਟਿਆਲਾ ਨੇ ਦੂਜਾ, ਜਦਕਿ ਤਰਨਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹੈਂਡਬਾਲ ਅੰਡਰ-21 ’ਚ ਲੜਕਿਆਂ ਵਿੱਚੋਂ ਪਠਾਨਕੋਟ ਦੀ ਟੀਮ ਨੇ ਗੁਰਦਾਸਪੁਰ ਨੂੰ 19-8 ਨਾਲ, ਅੰਮ੍ਰਿਤਸਰ ਨੇ ਜਲੰਧਰ ਨੂੰ 11-10, ਸੰਗਰੂਰ ਦੀ ਟੀਮ ਨੇ ਹੁਸ਼ਿਆਰਪੁਰ ਨੂੰ 21-13 ਨਾਲ, ਐੱਸਏਐੱਸ ਨਗਰ ਦੀ ਟੀਮ ਨੇ ਬਰਨਾਲਾ ਨੂੰ 28-1 ਨਾਲ, ਲੁਧਿਆਣਾ ਨੇ ਮਲੇਰਕੋਟਲਾ ਨੂੰ 18-3 ਨਾਲ, ਪਟਿਆਲਾ ਨੇ ਫਾਜ਼ਿਲਕਾ ਨੂੰ 25-15 ਨਾਲ, ਫਿਰੋਜ਼ਪੁਰ ਨੇ ਰੋਪੜ ਨੂੰ 23-21 ਨਾਲ, ਪਠਾਨਕੋਟ ਨੇ ਸ੍ਰੀ ਮੁਕਤਸਰ ਸਾਹਿਬ ਨੂੰ 13-4 ਨਾਲ, ਅੰਮ੍ਰਿਤਸਰ ਸਾਹਿਬ ਨੇ ਮਾਨਸਾ ਨੂੰ 20-15 ਨਾਲ ਅਤੇ ਫਤਿਹਗੜ੍ਹ ਸਾਹਿਬ ਨੇ ਮੋਗਾ ਨੂੰ 19-5 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਹੈਂਡਬਾਲ ਅੰਡਰ-21 ਲੜਕੀਆਂ ਵਿੱਚੋਂ ਹੁਸ਼ਿਆਰਪੁਰ, ਕਪੂਰਥਲਾ, ਰੋਪੜ, ਫਰੀਦਕੋਟ ਅਤੇ ਸੰਗਰੂਰ ਦੀਆਂ ਟੀਮਾਂ ਜੇਤੂ ਰਹੀਆਂ। ਬਾਸਕਟਬਾਲ ਅੰਡਰ-21 ਲੜਕਿਆਂ ਵਿੱਚੋਂ ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ, ਮਾਨਸਾ, ਮੁਕਤਸਰ ਤੇ ਫਰੀਦਕੋਟ ਦੀਆਂ ਟੀਮਾਂ ਜੇਤੂ ਰਹੀਆਂ। ਜੂਡੋ ਅੰਡਰ-21 ਦੇ ਵੱਖ ਵੱਖ ਭਾਰ ਵਰਗਾਂ ਵਿੱਚੋਂ ਪੁਸਪਾ ਦੇਵੀ, ਨੀਲਮ, ਅਕਸਿਤਾ ਸ਼ਰਮਾ, ਹਰਲੀਨ ਕੌਰ, ਬ੍ਰਹਮਲੀਨ ਜੇਤੂ ਰਹੀਆਂ।