ਗਗਨਦੀਪ ਅਰੋੜਾ/ ਗੁਰਦੀਪ ਸਿੰਘ ਟੱਕਰ
ਲੁਧਿਆਣਾ/ ਮਾਛੀਵਾੜਾ, 20 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਅਚਾਨਕ ਹੀ ਭੈਣੀ ਸਾਹਿਬ ਮੱਥਾ ਟੇਕਣ ਪੁੱਜ ਗਏ, ਇੱਥੇ ਉਨ੍ਹਾਂ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭੈਣੀ ਸਾਹਿਬ ਵਿੱਚ ਬਣੇ ਹਾਕੀ ਦੇ ਐਸਟਰੋਟਰਫ਼ ਮੈਦਾਨ ਤੇ ਫੁਟਬਾਲ ਦਾ ਮੈਦਾਨ ਵੀ ਵੇਖਿਆ।
ਮੁੱਖ ਮੰਤਰੀ ਨੇ ਪੰਜਾਬ ਦੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਭੈਣੀ ਸਾਹਿਬ ਦੇ ਖੇਡ ਮਾਡਲ ਦੇ ਆਧਾਰ ’ਤੇ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ। ਸ਼੍ਰੀ ਭੈਣੀ ਸਾਹਿਬ ਵਿਖੇ ਐਸਟਰੋਟਰਫ ਦਾ ਨਿਰੀਖਣ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਵਿੱਚ ਅਜਿਹੇ ਐਸਟਰੋਟਰਫ ਅਤੇ ਖੇਡ ਮੈਦਾਨ ਵਿਕਸਤ ਕਰੇਗੀ। ਉਨ੍ਹਾਂ ਖਿਡਾਰੀਆਂ ਨੂੰ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਅਜਿਹੇ ਆਧੁਨਿਕ ਖੇਡ ਮੈਦਾਨ ਖਿਡਾਰੀਆਂ ਨੂੰ ਓਲੰਪਿਕ ਅਤੇ ਹੋਰ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀ ਜਲਦ ਹੀ ਸ੍ਰੀ ਭੈਣੀ ਸਾਹਿਬ ਦੇ ਪ੍ਰਬੰਧਕਾਂ ਨਾਲ ਸਲਾਹ ਕਰਕੇ ਅਜਿਹੇ ਐਸਟ੍ਰੋਟਰਫ ਅਤੇ ਫੁਟਬਾਲ ਗਰਾਊਂਡ ਨੂੰ ਵਿਕਸਤ ਕਰਨ ਲਈ ਇੱਕ ਖਾਕਾ ਤਿਆਰ ਕਰਨਗੇ ਤਾਂ ਜੋ ਖਿਡਾਰੀ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਪੇਸ਼ੇਵਰ ਤਰੀਕੇ ਨਾਲ ਅਭਿਆਸ ਕਰ ਸਕਣ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮੰਤਵ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸਤਿਗੁਰੂ ਉਦੈ ਸਿੰਘ ਤੋਂ ਆਸ਼ੀਰਵਾਦ ਲਿਆ। ਦੱਸ ਦਈਏ ਕਿ ਸਤਿਗੁਰੂ ਉਦੈ ਸਿੰਘ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰਾਜੈਕਟ ਦੀ ਟਾਸਕ ਫੋਰਸ ਦੇ ਮੁਖੀ ਵੀ ਹਨ, ਉਨ੍ਹਾਂ ਨੇ ਪੂਰੇ ਪ੍ਰੋਜੈਕਟ ’ਤੇ ਚੰਨੀ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਐਚ.ਐਸ.ਹੰਸਪਾਲ, ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਹਲਕਾ ਗਿੱਲ ਦੇ ਵਿਧਾਇਕ ਅਤੇ ਚੇਅਰਮੈਨ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਕੁਲਦੀਪ ਸਿੰਘ ਵੈਦ, ਸਤਵਿੰਦਰ ਕੌਰ ਬਿੱਟੀ ਮੌਜੂਦ ਸਨ।
ਮੁੱਖ ਮੰਤਰੀ ਚੰਨੀ ਦਾ ਲੁਧਿਆਣਾ ਦੌਰਾ ਭਲਕੇ਼
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਕਾਂਗਰਸ ਨੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੁਧਿਆਣਾ ਵਿੱਚ 22 ਨਵੰਬਰ ਨੂੰ ਕਾਂਗਰਸ ਦੇ ਵਰਕਰਾਂ ਵਿਚ ਜੋਸ਼ ਭਰਨ ਲਈ ਲੁਧਿਆਣਾ ਪੁੱਜ ਰਹੇ ਹਨ। ਕਾਂਗਰਸ ਦੇ ਬੂਥ ਪੱਧਰ ਦੇ ਵਰਕਰਾਂ ਨਾਲ ਮੁੱਖ ਮੰਤਰੀ ਸਿੱਧੇ ਤੌਰ ’ਤੇ ਗੱਲਬਾਤ ਕਰਨਗੇ, ਉਸ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਹਲਕੇ ਵਿੱਚ ਮੀਟਿੰਗ ਰੱਖੀ ਗਈ ਹੈ। ਇਹ ਮੀਟਿੰਗ ਵਿਧਾਨ ਸਭਾ ਹਲਕਾ ਆਤਮ ਨਗਰ ’ਚ ਪੈਂਦੀ ਦਾਣਾ ਮੰਡੀ ’ਚ ਹੋਵੇਗੀ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਮੰਡੀ ’ਚ ਸਾਫ਼ ਸਫ਼ਾਈ ਕਰਵਾਈ ਜਾ ਰਹੀ ਹੈ ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਪਹਿਲਾਂ ਵਰਕਰ ਮੀਟਿੰਗ 20 ਨਵੰਬਰ ਨੂੰ ਹੋਣੀ ਸੀ, ਪਰ ਇਸ ਨੂੰ ਟਾਲ ਕੇ ਇਹ ਰੈਲੀ ਹੁਣ 22 ਨਵੰਬਰ ਨੂੰ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰੀਸ਼ ਚੌਧਰੀ ਲੁਧਿਆਣਾ ਦਾ ਦੌਰਾ ਕਰ ਕੇ ਕਾਂਗਰਸੀਆਂ ਦੀ ਨਬਜ਼ ਪਛਾਣ ਚੁੱਕੇ ਹਨ। ਚੰਨੀ ਵੀ ਜਦੋਂ ਪਹਿਲਾਂ ਲੁਧਿਆਣਾ ਆਏ ਸਨ, ਉਦੋਂ ਸਿਰਫ਼ ਸਰਕਾਰੀ ਪ੍ਰਗਰਾਮਾਂ ਵਿੱਚ ਸ਼ਮੂਲੀਅਤ ਕਰਨ ਲਈ ਆਏ ਸਨ। ਹੁਣ ਮੁੱਖ ਮੰਤਰੀ ਪਹਿਲੀ ਵਾਰ ਲੁਧਿਆਣਾ ਪੁੱਜ ਕੇ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕਰਨਗੇ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸੋਮਵਾਰ ਨੂੰ ਦਾਣਾ ਮੰਡੀ ਵਿੱਚ ਹੋਣ ਵਾਲੀ ਮੀਟਿੰਗ ਲਈ ਜ਼ਿਲ੍ਹਾ ਪ੍ਰਧਾਨ ਆਪਣੇ ਪੱਧਰ ’ਤੇ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕਾਂਗਰਸੀ ਵਰਕਰਾਂ ਨੂੰ ਆ ਕੇ ਮਿਲਣਾ ਚਾਹੁੰਦੇ ਸਨ ਇਸ ਲਈ ਖਾਸ ਤੌਰ ’ਤੇ ਇਹ ਮੀਟਿੰਗ ਰੱਖੀ ਗਈ ਹੈ।