ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਪ੍ਰੇਮ ਵਿਆਹ ਮਗਰੋਂ ਕੋਈ ਕੰਮ-ਧੰਦਾ ਨਾ ਕਰਨ ’ਤੇ ਪਤਨੀ ਤੇ ਉਸ ਦੇ ਰਿਸ਼ਤੇਦਾਰਾਂ ਦੇ ਤਾਅਣਿਆਂ ਤੋਂ ਅੱਕੇ ਇੱਕ ਨੌਜਵਾਨ ਨੇ ਆਪਣੇ ਹੀ ਪੁੱਤ ਨੂੰ ਨਹਿਰ ’ਚ ਧੱਕਾ ਦੇ ਦਿੱਤਾ। ਪੁਲੀਸ ਨੇ ਅੱਜ ਜਦੋਂ ਮੁਲਜ਼ਮ ਨੂੰ ਕਾਬੂ ਕੀਤਾ ਤਾਂ ਸਾਰੀ ਘਟਨਾ ਦਾ ਖੁਲਾਸਾ ਕੀਤਾ। ਥਾਣਾ ਕੂੰਮਕਲਾਂ ਦੀ ਪੁਲੀਸ ਨੇ ਕਪੂਰਥਲਾ ਵਾਸੀ ਭੁਪਿੰਦਰ ਸਿੰਘ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਹਾਲਾਂਕਿ ਪੁਲੀਸ ਲਗਾਤਾਰ ਬੱਚੇ ਦੀ ਲਾਸ਼ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਖੁਦ ਬੱਚੇ ਨੂੰ ਘੁੰਮਾਉਣ ਦੇ ਬਹਾਨੇ ਘਰੋਂ ਲੈ ਗਿਆ ਅਤੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ, ਬਾਅਦ ਵਿੱਚ ਉਸ ਦੀ ਖ਼ੁਦ ਨਹਿਰ ਵਿੱਚ ਛਾਲ ਮਾਰਨ ਦੀ ਹਿੰਮਤ ਨਹੀਂ ਹੋਈ ਅਤੇ ਉਹ ਪਰਿਵਾਰ ਤੋਂ ਬਚਣ ਲਈ ਉੱਥੋਂ ਫ਼ਰਾਰ ਹੋ ਗਿਆ।
ਪੁਲੀਸ ਅਨੁਸਾਰ ਭੁਪਿੰਦਰ ਸਿੰਘ ਦਾ ਸ੍ਰੀ ਭੈਣੀ ਸਾਹਿਬ ਇਲਾਕੇ ਦੀ ਹਰਜੀਤ ਕੌਰ ਦੇ ਨਾਲ ਕਰੀਬ 5-6 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਹਰਜੀਤ ਕੌਰ ਪੜ੍ਹੀ-ਲਿਖੀ ਸੀ ਤੇ ਮੁਲਜ਼ਮ 8ਵੀਂ ਪਾਸ ਸੀ। ਉਹ ਕੋਈ ਕੰਮ-ਕਾਜ ਨਹੀਂ ਕਰਦਾ ਸੀ ਅਤੇ ਸ਼ਰਾਬ ਦਾ ਆਦੀ ਵੀ ਸੀ, ਜਿਸ ਕਾਰਨ ਉਸ ਦਾ ਪਰਿਵਾਰ ਨਾਲ ਝਗੜਾ ਰਹਿੰਦਾ ਸੀ ਤੇ ਕਿਸੇ ਨਾਲ ਬਣਦੀ ਨਹੀਂ ਸੀ। ਹਰਜੀਤ ਕੌਰ ਦਾ ਆਪਣਾ ਬੁਟੀਕ ਸੀ ਤੇ ਕੰਮ-ਧੰਦਾ ਕਾਫ਼ੀ ਚੰਗਾ ਸੀ।
ਰਿਸ਼ਤੇਦਾਰਾਂ ਦੇ ਤਾਅਣਿਆਂ ਤੋਂ ਭੁਪਿੰਦਰ ਸਿੰਘ ਕਾਫ਼ੀ ਪ੍ਰੇਸ਼ਾਨ ਸੀ ਅਤੇ ਆਪਣੀ ਪਤਨੀ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ ਲੜਕੇ ਦਾ ਹੀ ਕਤਲ ਕਰਨ ਦੀ ਯੋਜਨਾ ਬਣਾਈ। ਇੱਕ ਸਤੰਬਰ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਲੜਕੇ ਨੂੰ ਘੁੰਮਾਉਣ ਦੇ ਬਹਾਨੇ ਲੈ ਗਿਆ ਅਤੇ ਰਾਹ ਵਿੱਚ ਲੜਕੇ ਨੂੰ ਨਹਿਰ ’ਚ ਧੱਕਾ ਦੇ ਦਿੱਤਾ। ਪਹਿਲਾਂ ਤਾਂ ਮੁਲਜ਼ਮ ਨੇ ਸੋਚਿਆ ਕਿ ਉਹ ਖੁਦ ਵੀ ਖੁਦਕੁਸ਼ੀ ਕਰ ਲਵੇਗਾ ਪਰ ਮੁਲਜ਼ਮ ਦੀ ਹਿੰਮਤ ਨਹੀਂ ਹੋਈ ਕਿ ਉਹ ਛਾਲ ਮਾਰ ਸਕੇ। ਇਸ ਮਗਰੋਂ ਉਹ ਪਰਿਵਾਰ ਦੀਆਂ ਨਜ਼ਰਾਂ ’ਚ ਆਉਣ ਤੋਂ ਬਚਣ ਲਈ ਇਧਰ-ਓਧਰ ਘੁੰਮਦਾ ਰਿਹਾ।
ਪੁਲੀਸ ਵੱਲੋਂ ਬੱਚੇ ਦੀ ਭਾਲ ਜਾਰੀ
ਦੂੁਜੇ ਪਾਸੇ ਪਰਿਵਾਰ ਨੇ ਪਿਓ-ਪੁੱਤ ਦੇ ਲਾਪਤਾ ਹੋਣ ਸਬੰਧੀ ਥਾਣਾ ਕੂੰਮਕਲਾਂ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਕੇਸ ਦਰਜ ਕਰਕੇ ਦੋਵਾਂ ਦੀ ਭਾਲ ਕਰਨੀ ਸ਼ੁਰੂ ਕੀਤੀ। ਥਾਣਾ ਕੂੰਮਕਲਾਂ ਦੇ ਐੱਸਐੱਚਓ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਬੱਚੇ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਮਗਰੋਂ ਪੁੱਛ ਪੜਤਾਲ ਕੀਤੀ ਜਾਵੇਗੀ।