ਪੱਤਰ ਪ੍ਰੇਰਕ
ਜਗਰਾਉਂ, 13 ਅਗਸਤ
ਅੱਜ ਇਥੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇੱਥੇ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੰਗਰੇਜ਼ ਸਾਮਰਾਜ ਤੋਂ ਮੁਕਤ ਕਰਵਾਉਣ ਲਈ ਲੜੇ ਸੰਘਰਸ਼ ’ਚ ਸ਼ਹੀਦ ਲਾਲਾ ਲਾਜਪਤ ਰਾਏ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਲਾਲਾ ਜੀ ਦੇਸ਼ ਦੇ ਹਰ ਵਰਗ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਲਾਲਾ ਜੀ ਦੇ ਘਰ ਦੀ ਸਾਂਭ ਸੰਭਾਲ ਲਈ ਲੋੜੀਂਦੀ ਸਹਾਇਤਾ ਦਾ ਪਤਾ ਕਰਨ ਲਈ ਭੇਜਿਆ ਹੈ। ਲਾਲਾ ਜੀ ਦੇ ਬੁੱਤ ’ਤੇ ਫੁੱਲ-ਮਾਲਾਵਾਂ ਭੇਟ ਕਰਨ ਉਪਰੰਤ ਉਨ੍ਹਾਂ ਆਖਿਆ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਦੌਰਾਨ ਭਾਰਤ ਸਰਕਾਰ ਦੀ ਦਿਲੀ ਇੱਛਾ ਹੈ ਕਿ ਆਜ਼ਾਦੀ ਸੰਘਰਸ਼ ’ਚ ਜੂਝਣ ਵਾਲੇ ਹਰ ਮਹਾਨ ਸ਼ਹੀਦ ਦੇ ਜੱਦੀ ਸਥਾਨਾਂ ਦੀਆਂ ਲੋੜਾਂ ਨੂੰ ਸਮਝਿਆ ਅਤੇ ਪੂਰਿਆਂ ਕੀਤਾ ਜਾਵੇ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਲਾਲਾ ਜੀ ਦੇ ਘਰ ’ਚ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਕੀਤਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਜੀਵਨ ਗੁਪਤਾ ਨੇ ਸ਼ਰਧਾਂਜਲੀ ਭੇਟ ਕੀਤੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਪ੍ਰਸ਼ਾਸਨ ਕੋਲੋਂ ਲਾਇਬ੍ਰੇਰੀ ਸਮੇਤ ਹੋਰ ਲੋੜਾਂ ਦੀ ਲਿਸਟ ਮੰਗੀ।