ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਫਰਵਰੀ
ਹਲਕੇ ਦੇ ਪਿੰਡ ਅਖਾੜਾ ’ਚ ਲੋਕਾਂ ਨੇ ਨੌਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ’ਚ ਫਸਾਉਣ ਵਾਲੇ ਨਸ਼ਾ ਤਸਕਰਾਂ ਲਈ ਸਖਤ ਰੁਖ਼ ਅਪਣਾਇਆ ਹੈ। ਪਿੰਡ ਦੇ ਗੁਰੂ ਘਰ ’ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਫ਼ੈਸਲਾ ਕੀਤਾ ਕਿ ਜਿਹੜੇ ਲੋਕ ਪਿੰਡ ’ਚ ਰਹਿ ਕੇ ਨਸ਼ਾ ਵੇਚਦੇ ਹਨ, ਉਹ ਜਾਂ ਤਾਂ ਆਪਣਾ ਧੰਦਾ ਬੰਦ ਕਰ ਲੈਣ, ਨਾ ਕਰਨ ਦੀ ਸੂਰਤ ’ਚ ਉਨ੍ਹਾਂ ਖ਼ਿਲਾਫ਼ ਪਿੰਡ ਵੱਲੋਂ ਆਪ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪਿੰਡ ਪੱਧਰ ’ਤੇ ਉਨ੍ਹਾਂ ਦਾ ਅਤੇ ਸਮੁੱਚੇ ਪਰਿਵਾਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਨਸ਼ੇ ਕਾਰਨ ਨੌਜਵਾਨਾਂ ਦੀਆਂ ਹੋਈਆਂ 50 ਦੇ ਕਰੀਬ ਮੌਤਾਂ ਤੋਂ ਦੁਖੀ ਲੋਕਾਂ ਨੇ ਆਖਿਆ ਕਿ ਰਾਜਨੀਤਿਕ ਲੋਕ ਸੱਤਾ ਹਥਿਆਉਣ ਲਈ ਮਾੜੇ ਹੱਥਕੰਡੇ ਵਰਤਦੇ ਹਨ। ਪਿਛਲੇ ਸਮੇਂ ਦੌਰਾਨ ਆਈਆਂ ਸਰਕਾਰਾਂ ਭਾਵੇਂ ਉਹ ਅਕਾਲੀ-ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ ਕਿਸੇ ਨੇ ਵੀ ਇਸ ਮਾਮਲੇ ਦੀ ਗੰਭੀਰਤਾ ਨੂੰ ਨਹੀਂ ਸਮਝਿਆ। ਸਗੋਂ ਛੋਟਿਆਂ ਤਸਕਰਾਂ ਖ਼ਿਲਾਫ਼ ਕਾਰਵਾਈਆਂ ਪਾ ਕੇ ਵੱਡੇ ਮੱਗਰਮੱਛਾਂ ਨੂੰ ਬਚਾਇਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਨਸ਼ੇ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਹਮਣੇ ਆਉਣ ਅਸੀਂ ਉਨ੍ਹਾਂ ਨੂੰ ਨਸ਼ਾ ਛੱਡਣ ’ਚ ਮੱਦਦ ਕਰਾਂਗੇ, ਸਾਰਾ ਇਲਾਜ ਮੁਫ਼ਤ ’ਚ ਹੋਵੇਗਾ। ਇਕੱਤਰ ਹੋਏ ਸਮੂਹ ਨੇ ਨਸ਼ਾ ਤਸਕਰਾਂ ਦੇ ਘਰ-ਘਰ ਪਹੁੰਚ ਕਰ ਕੇ ਉਨ੍ਹਾਂ ਨੂੰ ਮਾੜੇ ਕੰਮਾਂ ਤੋਂ ਤੋਬਾ ਕਰਨ ਦੀ ਅਪੀਲ ਵੀ ਕੀਤੀ।