ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਜੁਲਾਈ
ਸਥਾਨਕ ਪੁਲੀਸ ਵਲੋਂ ਪਰਮਿੰਦਰ ਸਿੰਘ ਬਿੰਦਰ ਵਾਸੀ ਚਕਲੀ ਆਦਲ ਨੂੰ 21 ਲੱਖ ਰੁਪਏ ਦੀ ਡਰੱਗ ਮਨੀ ਤੇ ਦੋ ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ, ਜਿਸ ਕੋਲੋਂ ਤਿੰਨ ਵਾਹਨ ਵੀ ਜ਼ਬਤ ਕੀਤੇ ਗਏ ਹਨ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਪੁਲੀਸ ਵਲੋਂ 3 ਜੂਨ ਨੂੰ 30 ਕਿਲੋ ਭੁੱਕੀ ਚੂਰਾ ਪੋਸਤ ਅਤੇ 250 ਗ੍ਰਾਮ ਅਫ਼ੀਮ ਸਮੇਤ ਇੱਕ ਵਿਅਕਤੀ ਗੁਰਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਪੂਨੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਸ਼ੀਲੇ ਪਦਾਰਥ ਪਰਮਿੰਦਰ ਸਿੰਘ ਉਰਫ਼ ਬਿੰਦਰ ਤੋਂ ਲੈ ਕੇ ਅੱਗੇ ਸਪਲਾਈ ਕਰਦਾ ਸੀ। ਇਸ ਮਾਮਲੇ ਵਿਚ ਪਰਮਿੰਦਰ ਸਿੰਘ ਉਰਫ਼ ਬਿੰਦਰ ਨੂੰ ਨਾਮਜ਼ਦ ਕੀਤਾ ਗਿਆ। ਸਹਾਇਕ ਥਾਣੇਦਾਰ ਤਰਸੇਮ ਕੁਮਾਰ ਵਲੋਂ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਸਮਰਾਲਾ ਰੋਡ ’ਤੇ ਸਥਿਤ ਇੱਕ ਬੈਂਕ ਨੇੜਿਓਂ ਉਸ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ ਤਲਾਸ਼ੀ ਦੌਰਾਨ ਦੋ ਲੱਖ ਰੁਪਏ ਬਰਾਮਦ ਹੋਏ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਕਰੀਬ 19 ਲੱਖ ਰੁਪਏ ਸਥਾਨਕ ਚੌਹਾਨ ਕਲੋਨੀ ’ਚ ਆਪਣੀ ਕਾਰ ਅੰਦਰ ਰੱਖੇ ਹੋਏ ਹਨ। ਪੁਲੀਸ ਨੇ ਉੱਥੇ ਛਾਪਾ ਮਾਰ ਕੇ ਕਾਰ ਸਮੇਤ ਸਾਰੀ ਨਕਦੀ ਅਤੇ 2 ਕਿਲੋ ਭੁੱਕੀ ਬਰਾਮਦ ਕਰ ਲਈ ਹੈ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਜਿਸ ਟਰੱਕ ਰਾਹੀਂ ਰਾਜਸਥਾਨ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ, ਉਸ ਨੂੰ ਵੀ ਪੁਲੀਸ ਨੇ ਰੋਪੜ ਜ਼ਿਲ੍ਹੇ ਦੇ ਪਿੰਡ ਪਖਰਾਲੀ ਤੋਂ ਬਰਾਮਦ ਕਰ ਲਿਆ ਹੈ।