ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਫਰਵਰੀ
ਦੇਸ਼ ਦਾ ਵਪਾਰਕ ਧੁਰਾ ਹੋਣ ਕਰਕੇ ਕਈ ਸ਼ਹਿਰਾਂ ਤੋਂ ਵੱਧ ਪ੍ਰਦੂਸ਼ਿਤ ਹੋ ਚੁੱਕੇ ਲੁਧਿਆਣਾ ਵਿੱਚ ਬੁੱਢੇ ਨਾਲੇ ਦੇ ਨਾਲ ਲੱਗੀਆਂ ਡਾਇੰਗਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਕਾਲਾ ਧੂੰਆਂ ਹਵਾ ਨੂੰ ਜਦਕਿ ਤੇਜ਼ਾਬੀ ਪਾਣੀ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਧੂੰਏਂ ਨਾਲ ਉਡਦੀ ਰਾਖ ਲੋਕਾਂ ਦੇ ਘਰਾਂ ਦੀਆਂ ਛੱਤਾਂ ਅਤੇ ਵਿਹੜੇ ਕਾਲੇ ਕਰ ਰਹੀ ਹੈ।
ਵਿਕਾਸ ਦੇ ਨਾਂ ’ਤੇ ਜ਼ਿਲ੍ਹੇ ਵਿੱਚੋਂ ਦਰੱਖ਼ਤ ਤਾਂ ਪਹਿਲਾਂ ਹੀ ਧੜੱਲੇ ਨਾਲ ਵੱਢੇ ਜਾ ਚੁੱਕੇ ਹਨ ਅਤੇ ਹੁਣ ਕਈ ਸਨਅਤੀ ਅਦਾਰਿਆਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਕੇ ਹਵਾ ਅਤੇ ਪਾਣੀ ਨੂੰ ਵੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਸ਼ਹਿਰ ਦੀ ਧੁੰਨੀ ਵਿੱਚੋਂ ਲੰਘਦੇ ਬੁੱਢੇ ਨਾਲੇ ਦੇ ਨਾਲ ਸੈਂਕੜੇ ਡਾਇੰਗਾਂ ਅਤੇ ਹੋਰ ਉਦਯੋਗਿਕ ਇਕਾਈਆਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਵੱਲੋਂ ਬਿਨਾਂ ਸੋਧਿਆਂ ਤੇਜ਼ਾਬੀ ਪਾਣੀ ਸਿੱਧਾ ਹੀ ਬੁੱਢੇ ਨਾਲੇ ਵਿੱਚ ਸੁੱਟ ਕੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਅੱਗੋਂ ਇਹ ਪਾਣੀ ਸਤਲੁਜ ਵਿਚ ਮਿਲ ਕਿ ਰਾਜਸਥਾਨ ਤੱਕ ਪਹੁੰਚਦਾ ਹੈ ਜਿੱਥੇ ਲੋਕ ਇਹੋ ਪਾਣੀ ਪੀ ਕੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇੱਥੇ ਹੀ ਬਸ ਨਹੀਂ ਇਨ੍ਹਾਂ ਡਾਇੰਗਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਕਾਲਾ ਧੂੰਆਂ ਹਵਾ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਧੂੰਏ ਵਿੱਚ ਉੱਡਦੇ ਰਾਖ ਦੇ ਬਾਰੀਕ ਕਣ ਨਾ ਸਿਰਫ ਲੋਕਾਂ ਦੇ ਘਰਾਂ ਦੀਆਂ ਛੱਤਾਂ ਅਤੇ ਵਿਹੜੇ ਕਾਲੇ ਕਰਦੇ ਹਨ ਸਗੋਂ ਰਾਹਗੀਰਾਂ ਦੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਪਬਲਿਕ ਐਕਸ਼ਨ ਕਮੇਟੀ ਸਤਲੁਜ-ਮੱਤੇਵਾੜਾ ਦੇ ਪ੍ਰਤੀਨਿਧੀ ਜਸਕੀਰਤ ਸਿੰਘ ਨੇ ਦੱਸਿਆ ਕਿ ਜਿਹੜੀਆਂ ਫੈਕਟਰੀਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸ਼ਰਤਾਂ ਨੂੰ ਮੰਨਦੀਆਂ ਹਨ ਉਨ੍ਹਾਂ ਦੀਆਂ ਚਿਮਨੀਆਂ ਵਿੱਚੋਂ ਜਾਂ ਤਾਂ ਧੂੰਆਂ ਨਹੀਂ ਨਿਕਲਦਾ ਅਤੇ ਜੇਕਰ ਨਿਕਲਦਾ ਹੈ ਤਾਂ ਉਹ ਚਿੱਟਾ ਧੂੰਆਂ ਹੋਵੇਗਾ। ਜੇਕਰ ਸਿੱਧੀ ਭਾਸ਼ਾ ਵਿੱਚ ਆਖਿਆ ਜਾਵੇ ਤਾਂ ਚਿਮਨੀਆਂ ਵਿੱਚੋਂ ਨਿਕਲਦਾ ਕਾਲਾ ਧੂੰਆਂ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਬੰਧਤ ਡਾਇੰਗ/ਫੈਕਟਰੀ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਚਿਮਨੀਆਂ ਵਿੱਚ ਇੱਕ ਅਜਿਹਾ ਯੰਤਰ ਲਾਉਣਾ ਪੈਂਦਾ ਹੈ ਜੋ ਸਵਾਹ ਦੇ ਬਰੀਕ ਕਣ ਹਵਾ ਵਿੱਚ ਜਾਣ ਤੋਂ ਰੋਕਦਾ ਹੈ।