ਗਗਨਦੀਪ ਅਰੋੜਾ
ਲੁਧਿਆਣਾ, 17 ਸਤੰਬਰ
ਸਮਾਰਟ ਸ਼ਹਿਰ ਲੁਧਿਆਣਾ ਵਿੱਚ ਅੱਜ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਸਤੰਬਰ ਮਹੀਨੇ ਵਿੱਚ ਅੱਜ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਤੰਬਰ ਮਹੀਨੇ ਦੌਰਾਨ ਆਮ ਤੌਰ ’ਤੇ 110 ਐੱਮਐੱਮ ਮੀਂਹ ਪੈਂਦਾ ਹੈ ਪਰ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਦੁਪਹਿਰ ਤੱਕ ਲੁਧਿਆਣਾ ’ਚ 113 ਐੱਮਐੱਮ ਮੀਂਹ ਵਰ੍ਹ ਚੁੱਕਿਆ ਸੀ। ਮੌਸਮ ’ਚ ਇਸ ਤਬਦੀਲੀ ਤੋਂ ਮੌਸਮ ਵਿਗਿਆਨੀ ਵੀ ਹੈਰਾਨ ਹਨ ਕਿਉਂਕਿ 15 ਸਤੰਬਰ ਤੱਕ ਮੌਨਸੂਨ ਚਲਾ ਜਾਂਦਾ ਹੈ ਪਰ ਇਸ ਵਾਰ 19 ਸਤੰਬਰ ਤੱਕ ਮੀਂਹ ਪੈਣ ਦਾ ਅਨੁਮਾਨ ਹੈ। ਇਸ ਮੀਂਹ ਦਾ ਫਸਲਾਂ ਨੂੰ ਕੋਈ ਫਾਇਦਾ ਵੀ ਨਹੀਂ ਅਤੇ ਨਾ ਹੀ ਕੋਈ ਨੁਕਸਾਨ ਹੈ ਪਰ ਜੇਕਰ ਦੋ ਜਾਂ ਤਿੰਨ ਦਿਨ ਹੋਰ ਮੀਂਹ ਪੈਂਦਾ ਹੈ ਤਾਂ ਝੋਨੇ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ।
ਉਧਰ ਵੀਰਵਾਰ ਦੇਰ ਰਾਤ ਸ਼ੁਰੂ ਹੋਏ ਮੀਂਹ ਕਾਰਨ ਇੱਕ ਵਾਰ ਫਿਰ ਸਮਾਰਟ ਸ਼ਹਿਰ ਡੁੱਬਣ ਵਾਲੇ ਹਾਲਾਤਾਂ ਵਿੱਚ ਪੁੱਜ ਗਿਆ। ਸਵੇਰੇ ਜਦੋਂ ਲੋਕ ਆਪਣੇ ਘਰਾਂ ’ਚੋਂ ਨਿਕਲ ਕੇ ਸੜਕਾਂ ’ਤੇ ਆਏ ਤਾਂ ਇੱਕ-ਇੱਕ ਫੁੱਟ ਤੱਕ ਪਾਣੀ ਭਰਿਆ ਹੋਇਆ ਸੀ। ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਹਾਲਾਤ ਇਸ ਤੋਂ ਵੀ ਜ਼ਿਆਦਾ ਬੱਦਤਰ ਸਨ। ਬਾਅਦ ਦੁਪਹਿਰ ਤੱਕ ਜ਼ਿਆਦਾਤਰ ਸੜਕਾਂ ’ਤੇ ਪਾਣੀ ਭਰਿਆ ਰਿਹਾ ਤੇ ਸ਼ਾਮ ਨੂੰ ਜਾ ਕੇ ਲੋਕਾਂ ਨੂੰ ਕੁਝ ਰਾਹਤ ਮਿਲੀ।
ਸ਼ਹਿਰ ਦੀ ਤਕਰੀਬਨ ਹਰ ਸੜਕ ਹਰ ਗਲੀ ਵਿੱਚ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਪੈਦਲ ਚੱਲਣ ਵਾਲੇ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਮਾਲਾ ਚੌਕ, ਚੰਡੀਗੜ੍ਹ ਰੋਡ, ਗਿੱਲ ਰੋਡ, ਬਸਤੀ ਜੋਧੇਵਾਲ, ਸਲੇਮ ਟਾਬਰੀ, ਹੈਬੋਵਾਲ ਤੇ ਇੱਥੋਂ ਤੱਕ ਕਿ ਘੰਟਾ ਘਰ ਚੌਕ, ਰੇਲਵੇ ਸਟੇਸ਼ਨ ਰੋਡ ਅਤੇ ਸਭ ਤੋਂ ਉੱਚੇ ਜਗਰਾਉਂ ਪੁਲ ’ਤੇ ਵੀ ਪਾਣੀ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਥਾਂ-ਥਾਂ ਪਾਣੀ ਜਮ੍ਹਾ ਹੋਣ ਕਾਰਨ ਸੀਵਰੇਜ ਜਾਮ ਦਿਖੇ। ਲੋਕਾਂ ਨੂੰ ਕੰਮ ’ਤੇ ਜਾਣ ਲਈ ਬਹੁਤ ਦਿੱਕਤ ਆਈ। ਗਿਆਸਪੁਰਾ ਚੌਕ, ਜੀਵਨ ਨਗਰ ਚੌਕ, ਕੰਗਣਵਾਲ ਆਦਿ ਇਨ੍ਹਾਂ ਸਾਰੇ ਇਲਾਕਿਆਂ ’ਚ ਪਾਣੀ ਨੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ’ਚ ਪਾਇਆ। ਨਗਰ ਨਿਗਮ ਵੱਲੋਂ ਕਈ ਇਲਾਕਿਆਂ ’ਚ ਸੜਕਾਂ ਦੀ ਉਸਾਰੀ ਕਰਨ ਲਈ ਸੜਕਾਂ ਪੁੱਟੀਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਇਲਾਕਿਆਂ ਦੇ ਲੋਕ ਵੀ ਪ੍ਰੇਸ਼ਾਨ ਦਿਖੇ। ਸ਼ੁੱਕਰਵਾਰ ਸਵੇਰੇ ਲਗਾਤਾਰ ਮੀਂਹ ਪੈਣ ਕਾਰਨ ਮਾੜੇ ਹਾਲਾਤ ਅੱਖੀ ਦੇਖਣ ਵਾਲੇ ਸਨ। ਫਿਲਹਾਲ ਮੀਂਹ ਦਾ ਕਹਿਰ ਜਾਰੀ ਹੈ।
ਮੌਨਸੂਨ ਵਧਣ ਕਾਰਨ ਫਸਲਾਂ ਨੂੰ ਹੋ ਸਕਦਾ ਹੈ ਨੁਕਸਾਨ
ਮੌਸਮ ਵਿਗਿਆਨੀ ਹੈੱਡ ਡਾਕਟਰ ਪ੍ਰਭਜੋਤ ਕੌਰ ਦੱਸਦੇ ਹਨ ਕਿ ਅਗਸਤ ਮਹੀਨੇ ਦੌਰਾਨ ਇਸ ਵਾਰ ਮੌਨਸੂਨ ਕਮਜ਼ੋਰ ਰਿਹਾ ਹੈ। ਇਸ ਲਈ ਮੀਂਹ ਘੱਟ ਪਿਆ ਹੈ। ਸਤੰਬਰ ਮਹੀਨੇ ਦੌਰਾਨ ਹੁਣ ਤੱਕ 113 ਐੱਮਐੱਮ ਮੀਂਹ ਪੈ ਚੁੱਕਿਆ ਹੈ। ਇਸ ਵਾਰ ਮੀਂਹ ’ਚ ਦੇਰੀ ਹੋ ਰਹੀ ਹੈ, ਆਮਤੌਰ ’ਤੇ 15 ਸਤੰਬਰ ਤੱਕ ਮੌਨਸੂਨ ਰਹਿੰਦਾ ਹੈ, ਇਸ ਤੋਂ ਬਾਅਦ ਮੌਨਸੂਨ ਚਲਾ ਜਾਂਦਾ ਹੈ। ਇਸ ਵਾਰ 17 ਸਤੰਬਰ ਨੂੰ ਵੀ ਮੀਂਹ ਪੈ ਰਿਹਾ ਹੈ। ਫਿਲਹਾਲ ਦੋ ਦਿਨ ਹੋਰ ਮੀਂਹ ਪੈਣ ਦਾ ਅੰਦਾਜ਼ਾ ਹੈ। ਇਹ ਮੀਂਹ ਫਸਲਾਂ ਨੂੰ ਨੁਕਸਾਨ ਨਹੀਂ ਪਹੁੰਚਾਵੇਗਾ ਪਰ ਜੇਕਰ 20 ਸਤੰਬਰ ਤੱਕ ਮੀਂਹ ਹੋਇਆ ਤਾਂ ਝੋਨੇ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ।