ਗਗਨਦੀਪ ਅਰੋੜਾ
ਲੁਧਿਆਣਾ, 3 ਫਰਵਰੀ
ਲੁਧਿਆਣਾ ’ਚ ਕੁਝ ਦਿਨ ਮੌਸਮ ਸਾਫ਼ ਰਹਿਣ ਤੋਂ ਬਾਅਦ ਵੀਰਵਾਰ ਦੀ ਸਵੇਰ ਤੋਂ ਹੀ ਸ਼ਹਿਰ ਵਿੱਚ ਮੀਂਹ ਦੀ ਝੜੀ ਲੱਗੀ ਹੋਈ ਹੈ। ਮੀਂਹ ਨੇ ਇੱਕ ਵਾਰ ਫਿਰ ਤੋਂ ਠੰਢ ਵਧਾ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ’ਚ ਮੀਂਹ ਪਵੇਗਾ। ਪੂਰਾ ਦਿਨ 28 ਐੱਮਐੱਮ ਮੀਂਹ ਦੇ ਨਾਲ ਸਨਅਤੀ ਸ਼ਹਿਰ ਵਿੱਚ ਥਾਂ-ਥਾਂ ’ਤੇ ਪਾਣੀ ਖੜ੍ਹਾ ਹੋ ਗਿਆ। ਇਸੇ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਇੱਕ-ਦੋ ਦਿਨ ਹੋਰ ਮੀਂਹ ਪੈਣ ਦੇ ਆਸਾਰ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਡਾ. ਪ੍ਰਭਜੋਤ ਕੌਰ ਸਿੱਧੂ ਨੇ ਕਿਹਾ ਕਿ ਆਉਣ ਵਾਲੇ 24 ਘੰਟਿਆਂ ’ਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ ਮੌਸਮ ਖੁੱਲ੍ਹੇਗਾ।
ਸਨਅਤੀ ਸ਼ਹਿਰ ਵਿੱਚ ਮੀਂਹ ਪੈਣ ਨਾਲ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਥਾਂ-ਥਾਂ ਪਾਣੀ ਖੜ੍ਹਾ ਹੈ, ਜਿਸ ਕਰਕੇ ਵੀਰਵਾਰ ਨੂੰ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ, ਜਿਸ ਕਰਕੇ ਲੋਕਾਂ ਦਾ ਪੈਦਲ ਚਲਣਾ ਵੀ ਮੁਸ਼ਕਲ ਹੋ ਗਿਆ। ਮੁੱਖ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਕਈ ਥਾਵਾਂ ’ਤੇ ਟਰੈਫਿਕ ਜਾਮ ਵਰਗਾ ਮਾਹੌਲ ਵੀ ਰਿਹਾ।
ਜਗਰਾਉਂ ਦੇ ਬਾਜ਼ਾਰਾਂ ’ਚ ਪਾਣੀ ਖੜ੍ਹਨ ਕਾਰਨ ਦੁਕਾਨਦਾਰ ਮਾਯੂਸ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਵੀਰਵਾਰ ਸਵੱਖਤੇ ਪੈਣਾ ਸ਼ੁਰੂ ਹੋਇਆ ਮੀਂਹ ਸ਼ਾਮ ਸਮੇਂ ਤੱਕ ਜਾਰੀ ਰਿਹਾ। ਇਸ ਨੇ ਇਲਾਕੇ ’ਚ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਬੇਮੌਸਮੀ ਝੜੀ ਲੱਗਣ ਕਾਰਨ ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ। ਕਈ ਬਾਜ਼ਾਰਾਂ ’ਚ ਸ਼ਾਮ ਸਮੇਂ ਕਾਫੀ ਪਾਣੀ ਖੜ੍ਹਾ ਦੇਖਿਆ ਗਿਆ। ਪੁਰਾਣੀ ਦਾਣਾ ਮੰਡੀ ਅਤੇ ਕਮਲ ਚੌਕ ਦਾ ਇਲਾਕਾ ਵਧੇਰੇ ਮਾਰ ਹੇਠ ਆਇਆ। ਪੂਰਾ ਦਿਨ ਕਿਣ-ਮਿਣ ਹੁੰਦੀ ਰਹਿਣ ਕਰਕੇ ਬਾਜ਼ਾਰਾਂ ’ਚੋਂ ਰੌਣਕ ਗਾਇਬ ਰਹੀ। ਇਸ ਕਰਕੇ ਦੁਕਾਨਦਾਰ ਵੀ ਮਾਯੂਸ ਨਜ਼ਰ ਆ ਰਹੇ ਸਨ। ਬਹੁਤੇ ਬਾਜ਼ਾਰਾਂ ਦੀਆਂ ਦੁਕਾਨਾਂ ਸ਼ਾਮ ਪੈਣ ਤੋਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ। ਕਮਲ ਚੌਕ, ਸਦਨ ਮਾਰਕੀਟ, ਪੁਰਾਣੀ ਸਬਜ਼ੀ ਮੰਡੀ, ਰਾਣੀ ਝਾਂਸੀ ਚੌਕ ਸਮੇਤ ਹੋਰ ਨੀਵੇਂ ਇਲਾਕਿਆਂ ’ਚ ਪਾਣੀ ਖੜ੍ਹਾ ਹੋ ਗਿਆ। ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਪੁਰਾਣੀ ਦਾਣਾ ਮੰਡੀ ’ਚ ਮੀਂਹ ਦਾ ਪਾਣੀ ਭਰਨ ਕਰਕੇ ਸੁੰਨ ਪਸਰੀ ਰਹੀ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਉਲੀਕੇ ਪ੍ਰੋਗਰਾਮ ਮੁਲਤਵੀ ਹੋ ਗਏ। ਮੀਂਹ ਕਰਕੇ ਇਨ੍ਹਾਂ ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਸੋਸ਼ਲ ਮੀਡੀਆ ’ਤੇ ਹੀ ਚੋਣ ਪ੍ਰਚਾਰ ’ਤੇ ਜ਼ੋਰ ਦਿੱਤਾ।