ਗਗਨਦੀਪ ਅਰੋੜਾ
ਲੁਧਿਆਣਾ, 13 ਮਾਰਚ
ਸਮਾਰਟ ਸਿਟੀ ਮਿਸ਼ਨ ਦੇ ਤਹਿਤ 23 ਕਰੋੜ ਰੁਪਏ ਖ਼ਰਚ ਕਰਕੇ ਲੁਧਿਆਣਾ ਦੀ ਮਲਹਾਰ ਰੋਡ ਨੂੰ ਸਮਾਰਟ ਸੜਕ ਬਣਾਉਣ ਦਾ ਕੰਮ ਚਾਰ ਮਹੀਨੇ ਪਹਿਲਾਂ ਹੀ ਪੂਰਾ ਹੋਇਆ ਸੀ। ਜਿਸ ਦੀਆਂ ਹੁਣ ਟਾਈਲਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ, ਇਨ੍ਹਾਂ ਹੀ ਨਹੀਂ ਇੱਕ ਪਾਸੋਂ ਤਾਂ ਸੜਕ ਦੀਆਂ ਸਾਰੀਆਂ ਹੀ ਟਾਈਲਾਂ ਬੈਠ ਗਈਆਂ ਹਨ। ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਠੇਕੇਦਾਰ ਨੇ ਇਸ ਸੜਕ ਨੂੰ ਸਮਾਰਟ ਬਣਾਉਣ ਦੇ ਲਈ ਘਟੀਆ ਤੇ ਗੈਰ ਮਿਆਰੀ ਮੈਟੀਰਿਅਲ ਦਾ ਇਸਤੇਮਾਲ ਕੀਤਾ ਹੈ। ਕਾਂਗਰਸ ਦੀ ਸਰਕਾਰ ਜਾਂਦੇ ਹੀ ਹੁਣ ਸਮਾਰਟ ਸਿਟੀ ਦੇ ਸੀਈਓ ਤੇ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਇਸ ਰੋਡ ਦੀ ਜਾਂਚ ਕਰਵਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਇੱਥੋਂ ਜਾਂਚ ਟੀਮ ਟਾਈਲਾਂ ਦਾ ਸੈਂਪਲ ਵੀ ਲੈ ਚੁੱਕੀ ਹੈ। ਇਸ ਰੋਡ ’ਤੇ ਦੂਜੀ ਵਾਰ ਇਹ ਟਾਈਲਾਂ ਬੈਠੀਆਂ ਹਨ, ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਕਈ ਥਾਵਾਂ ਤੋਂ ਟਾਈਲਾਂ ਟੁੱਟ ਗਈਆਂ ਸਨ, ਜਿਨ੍ਹਾਂ ਨੂੰ ਠੇਕੇਦਾਰ ਵੱਲੋਂ ਰਿਪੇਅਰ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਸ਼ਹਿਰ ਦੀ ਮਲਹਾਰ ਰੋਡ ਨੂੰ ਸਮਾਰਟ ਬਣਾਇਆ ਜਾਣਾ ਸੀ। ਇਹ ਇਲਾਕਾ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇਲਾਕਾ ਹੈ। ਪੂਰੀ ਰੋਡ ’ਤੇ ਇੰਟਰਲੌਕਿੰਗ ਟਾਈਲਾਂ ਲਾਈਆਂ ਗਈਆਂ ਤੇ ਸੜਕ ਦੀ ਚੌੜਾਈ ਵੀ ਘੱਟ ਕਰ ਦਿੱਤੀ ਗਈ। ਇਸ ਰੋਡ ਦੀ ਲੰਬਾਈ 1.13 ਕਿਲੋਮੀਟਰ ਲੰਬੀ ਹੈ, ਜੋ ਕਿ ਫਿਰੋਜ਼ਪੁਰ ਰੋਡ ਤੋਂ ਹੀਰੋ ਬੇਕਰੀ ਚੌਕ ਤੱਕ ਜਾਂਦੀ ਹੈ, ਇਸ ਰੋਡ ’ਤੇ 23 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਠੇਕੇਦਾਰ ਨੇ ਇਸ ਸੜਕ ਨੂੰ ਬੱਸ ਸਮਾਰਟ ਬਣਾਉਣ ’ਤੇ ਹੀ ਜ਼ਿਆਦਾ ਜ਼ੋਰ ਦਿੱਤਾ, ਇਸ ਦੇ ਮੈਟੀਰਿਅਲ ਦੀ ਜਾਂਚ ਨਗਰ ਨਿਗਮ ਦੇ ਅਫ਼ਸਰਾਂ ਨੇ ਵੀ ਨਹੀਂ ਕੀਤੀ। ਜਿਸਦਾ ਨਤੀਜਾ ਹੁਣ ਚਾਰ ਮਹੀਨੇ ਬਾਅਦ ਹੀ ਸੜਕ ਦਾ ਬੁਰਾ ਹਾਲ ਹੋ ਗਿਆ ਹੈ। ਥਾਂ-ਥਾਂ ਤੋਂ ਟਾਈਲਾ ਟੁੱਟ ਗਈਆਂ ਹਨ। ਬੀਤੀ ਦਿਨੀਂ ਵੀ ਇਸ ਸੜਕ ਦੇ ਇੱਕ ਹਿੱਸੇ ਦੀਆਂ ਟਾਈਲਾਂ ਬੈਠ ਗਈਆਂ ਸਨ। ਜਿਸ ਦੀ ਰਿਪੇਅਰ ਠੇਕੇਦਾਰ ਵੱਲੋਂ ਕਰਵਾਈ ਜਾ ਰਹੀ ਹੈ। ਨਗਰ ਨਿਗਮ ਕਮਿਸ਼ਨਰ ਨੇ ਹੁਣ ਇਸ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ।