ਪੱਤਰ ਪ੍ਰੇਰਕ
ਸਮਰਾਲਾ, 7 ਜੂਨ
ਇਥੋਂ ਦੇ ਵਪਾਰ ਮੰਡਲ ਦੇ ਪ੍ਰਧਾਨ ਅਤੇ ਰੈਡੀਮੇਡ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਦੀਪਕ ਰਾਏ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਬਾਜ਼ਾਰਾਂ ਵਿੱਚ ਮੰਦੀ ਦਾ ਸੰਕਟ ਛਾਇਆ ਹੋਇਆ ਹੈ, ਸਰਕਾਰ ਵੱਲੋਂ ਦੁਕਾਨਾਂ ਖੋਲ੍ਹਣ ਦੀ ਰਾਹਤ ਤਾਂ ਦਿੱਤੀ ਗਈ ਹੈ। ਲੌਕਡਾਊਨ ਦੌਰਾਨ ਤਕਰੀਬਨ ਦੋ ਮਹੀਨੇ ਘਰ ਵਿੱਚ ਬੈਠੇ ਛੋਟੇ ਵਪਾਰੀ ਵਰਗ ਨੂੰ ਸਰਕਾਰ ਤੋਂ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਵਪਾਰੀ ਜਾਂ ਦੁਕਾਨਦਾਰ ਦਾ ਮਨ ਨਹੀਂ ਕਰਦਾ ਕਿ ਉਹ ਆਪਣੇ ਮੁਲਾਜ਼ਮ ਦੀ ਛਾਂਟੀ ਕਰਨ ਪਰ ਭਾਰੀ ਮੰਦੀ ਦੇ ਦੌਰ ਵਿੱਚ ਛੋਟੇ ਵਪਾਰੀਆਂ ਜਾਂ ਦੁਕਾਨਦਾਰਾਂ ਦੇ ਆਪਣੇ ਖਰਚੇ ਪੂਰੇ ਕਰਨੇ ਮੁਸ਼ਕਿਲ ਹੋਏ ਪਏ ਹਨ। ਇਸ ਕਰ ਕੇ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਕਿੱਥੋਂ ਦੇਣ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਪਾਰੀ ਵਰਗ ਦਾ ਸਾਥ ਦੇਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਛੋਟੇ ਵਪਾਰੀ ਅਤੇ ਦੁਕਾਨਦਾਰਾਂ ਦੀਆਂ ਬੈਂਕ ਲਿਮਟਾਂ ਅਤੇ ਲੋਨ ਦੀਆਂ ਕਿਸ਼ਤਾਂ ਦਾ ਵਿਆਜ ਮੁਆਫ ਕੀਤਾ ਜਾਵੇ। ਇਸ ਤੋਂ ਇਲਾਵਾ ਘੱਟੋ ਘੱਟ 2 ਮਹੀਨੇ ਦਾ ਦੁਕਾਨਾਂ ਦਾ ਕਿਰਾਇਆ ਅਤੇ ਬਿਜਲੀ ਦੇ ਬਿਲ ਮੁਆਫ ਕੀਤੇ ਜਾਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਲੌਕਡਾਊਨ ਦੌਰਾਨ ਗਰੀਬਾਂ ਦਾ ਧਿਆਨ ਰੱਖਿਆ ਹੈ, ਉਸੇ ਤਰ੍ਹਾਂ ਛੋਟੇ ਵਪਾਰੀ ਵਰਗ ਅਤੇ ਦੁਕਾਨਦਾਰਾਂ ਲਈ ਰਾਹਤ ਪੈਕੇਜ ਜਲਦੀ ਐਲਾਨਿਆ ਜਾਵੇ।