ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਫਰਵਰੀ
ਪਿੰਡ ਪੰਜੇਟਾ ਵਿੱਚ ਅੱਜ ਬਾਅਦ ਦੁਪਹਿਰ ਅਚਾਨਕ ਅੱਗ ਲੱਗਣ ਨਾਲ ਗਰੀਬ ਪਰਵਾਸੀ ਮਜ਼ਦੂਰਾਂ ਦੀਆਂ 8 ਝੁੱਗੀਆਂ ਸੜਕੇ ਸੁਆਹ ਹੋ ਗਈਆਂ ਜਿਸ ’ਚ ਉਨ੍ਹਾਂ ਦਾ ਘਰੇਲੂ ਕੀਮਤੀ ਸਾਮਾਨ ਅੱਗ ਦੀ ਭੇਟ ਚੜ ਗਿਆ। ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਝੁੱਗੀਆਂ ’ਚ ਲੋੜਵੰਦ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ ਜਿਨ੍ਹਾਂ ’ਚੋਂ ਪੁਰਸ਼ ਮਜ਼ਦੂਰੀ ਕਰਨ ਗਏ ਹੋਏ ਸਨ ਜਦਕਿ ਬੱਚੇ ਤੇ ਔਰਤਾਂ ਪਿੰਡ ’ਚ ਹੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਨਗਰ ਕੀਰਤਨ ’ਚ ਸ਼ਾਮਲ ਹੋਣ ਗਏ ਸਨ। ਅਚਾਨਕ ਇੱਕ ਝੁੱਗੀ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਹੀ ਪਲਾਂ ’ਚ ਬਾਕੀ ਝੁੱਗੀਆਂ ਨੂੰ ਵੀ ਅੱਗ ਨੇ ਆਪਣੀ ਚਪੇਟ ’ਚ ਲੈ ਲਿਆ। ਝੁੱਗੀਆਂ ਖਾਲੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਵਿਚ ਪਿਆ ਗਰੀਬਾਂ ਦਾ ਘਰੇਲੂ ਕੀਮਤੀ ਸਮਾਨ ਜਿਸ ’ਚ ਨਕਦੀ ਵੀ ਸ਼ਾਮਲ ਹੈ ਉਹ ਅੱਗ ਦੀ ਭੇਟ ਚੜ੍ਹ ਗਈ। ਇਸ ਅਚਾਨਕ ਲੱਗੀ ਅੱਗ ਕਾਰਨ ਮੁਹੰਮਦ ਨਸੀਬ, ਮੁਹੰਮਦ ਇਬਰਾਨ, ਮੁਹੰਮਦ ਸੋਏਬ, ਮੁਹੰਮਦ ਸੇਮਾ, ਮੁਹੰਮਦ ਨਸੀਰੂਦੀਨ, ਮੁਹੰਮਦ ਹਾਰੋ ਦੀਆਂ ਝੁੱਗੀਆਂ ਸੜਕੇ ਸੁਆਹ ਹੋਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲੀਸ ਦੇ ਸਹਾਇਕ ਥਾਣੇਦਾਰ ਰਘਵੀਰ ਸਿੰਘ ਵੀ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਇਨ੍ਹਾਂ ਗਰੀਬਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।
ਮਜ਼ਦੂਰ ਪਿਤਾ ਵੱਲੋਂ ਜੋੜਿਆ ਲੜਕੀ ਦੇ ਵਿਆਹ ਦਾ ਸਾਮਾਨ ਵੀ ਸੜਿਆ
ਇਨ੍ਹਾਂ ਝੁੱਗੀਆਂ ’ਚ ਰਹਿੰਦੇ ਮਜ਼ਦੂਰ ਪਿਤਾ ਵੱਲੋਂ ਆਪਣੀ ਨੌਜਵਾਨ ਲੜਕੀ ਦੇ ਵਿਆਹ ਲਈ ਦਹੇਜ ਦਾ ਸਾਮਾਨ ਬਣਾ ਕੇ ਰੱਖਿਆ ਹੋਇਆ ਸੀ ਪਰ ਅਚਾਨਕ ਲੱਗੀ ਕਾਰਨ ਉਸਦੇ ਸਾਰੇ ਕੀਮਤੀ ਕੱਪੜੇ ਤੇ ਹੋਰ ਘਰੇਲੂ ਸਮਾਨ ਸੜਕੇ ਸੁਆਹ ਹੋ ਗਿਆ ਜਿਸ ਕਾਰਨ ਸਬੰਧਿਤ ਪਰਿਵਾਰ ਬੜੇ ਸਦਮੇ ਵਿੱਚ ਹੈ। ਪਿੰਡ ਪੰਜੇਟਾ ਦੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਨੁਕਸਾਨ ਦੀ ਭਰਪਾਈ ਵਜੋਂ ਸਰਕਾਰ ਆਰਥਿਕ ਸਹਾਇਤਾ ਜ਼ਰੂਰ ਦੇਵੇ।