ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਮਈ
ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਅਤੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਪੱਖੋਵਾਲ ਤੋਂ ਲੀਲ੍ਹ, ਸਰਾਭਾ, ਅੱਬੂਵਾਲ, ਸੁਧਾਰ ਬਾਜ਼ਾਰ ਤੱਕ 11.20 ਕਿੱਲੋਮੀਟਰ ਲੰਬੀ ਸੜਕ ਨੂੰ 18 ਫੁੱਟ ਚੌੜਾ ਕਰ ਕੇ ਬਣਨ ਵਾਲੀ ਲਿੰਕ ਸੜਕ ਦਾ ਨਿਰਮਾਣ ਕੀੜੀ ਚਾਲ ਚੱਲਣ ਕਾਰਨ ਰਾਹਗੀਰ ਅਤੇ ਸੜਕ ਕੰਢੇ ਵੱਸਦੇ ਲੋਕ ਬੇਹੱਦ ਪ੍ਰੇਸ਼ਾਨ ਹਨ।
ਅੱਬੂਵਾਲ ਲਿੰਕ ਰੋਡ ਵਾਸੀ ਮਲਕੀਤ ਸਿੰਘ ਸਿੱਧੂ, ਮਨਮੋਹਣ ਸਿੰਘ ਤੇ ਪੰਚ ਰਕੇਸ਼ ਕੁਮਾਰ ਨੇ ਦੱਸਿਆ ਕਿ ਅੱਬੂਵਾਲ-ਸੁਧਾਰ ਦਰਮਿਆਨ ਸੜਕ ਚੌੜੀ ਕਰਨ ਲਈ ਮਸ਼ੀਨਾਂ ਨਾਲ ਇਸ ਦੇ ਕਿਨਾਰਿਆਂ ਨੂੰ ਕਰੀਬ 2 ਫੁੱਟ ਤੱਕ ਡੂੰਘਾ ਪੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦਾ ਠੇਕੇਦਾਰ ਜਾਂ ਕਰਮਚਾਰੀ ਪੁੱਟੀ ਗਈ ਸੜਕ ਜਾਂ ਮਿੱਟੀ ਨੂੰ ਪਿਛਲੇ ਤਿੰਨ ਹਫ਼ਤੇ ਤੋਂ ਇਕਸਾਰ ਨਹੀਂ ਕਰ ਰਹੇ, ਜਿਸ ਕਾਰਨ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ।
ਇਹ ਸੜਕ ਅੱਗੇ ਜਾ ਕੇ ਪੱਖੋਵਾਲ-ਲੁਧਿਆਣਾ ਮੁੱਖ ਸੜਕ ਨਾਲ ਮਿਲਣ ਕਾਰਨ ਇਸ ਉੱਪਰ ਕਾਫ਼ੀ ਆਵਾਜਾਈ ਰਹਿੰਦੀ ਹੈ ਅਤੇ ਨਿਰਮਾਣ ਕਾਰਜ ਦੇ ਚੱਲਦਿਆਂ ਥਾਂ-ਥਾਂ ਤੋਂ ਪੁੱਟੀ ਸੜਕ ਅਤੇ ਮਿੱਟੀ ਦੇ ਢੇਰ ਰਾਹਗੀਰਾਂ ਅਤੇ ਸੜਕ ਨੇੜਲੇ ਘਰਾਂ ਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਐੱਸ.ਡੀ.ਐੱਮ ਰਾਏਕੋਟ ਗੁਰਵੀਰ ਸਿੰਘ ਕੋਹਲੀ ਨੇ ਕਿਹਾ ਕਿ ਕੇਂਦਰੀ ਯੋਜਨਾ ਤਹਿਤ ਬਣ ਰਹੀ ਇਸ ਸੜਕ ਦੇ ਨਿਰਮਾਣ ’ਚ ਦੇਰੀ ਜਾਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਉਹ ਆਪਣੇ ਪੱਧਰ ’ਤੇ ਅੱਜ ਹੀ ਸਬੰਧਿਤ ਕੰਪਨੀ ਨਾਲ ਸੰਪਰਕ ਕਰ ਕੇ ਸੜਕ ਨਿਰਮਾਣ ’ਚ ਤੇਜ਼ੀ ਲਿਆਉਣ ਲਈ ਹਦਾਇਤ ਜਾਰੀ ਕਰਨਗੇ।