ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 7 ਨਵੰਬਰ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਨੂੰ ਡੋਬਣ ਵਾਲੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਏ ਕਿਸਾਨ, ਮਜ਼ਦੂਰਾਂ ਨੂੰ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਹੈ। ਸਿਰੜੀ ਲੋਕਾਂ ਨੇ ਕਰੀਬ 40 ਦਿਨਾਂ ਤੋਂ ਟੋਲ ਪਲਾਜ਼ੇ, ਰਿਲਾਇੰਸ,ਅੰਬਾਨੀ,ਅਡਾਨੀ ਸਮੇਤ ਹੋਰ ਕਾਰਪੋਰੇਟ ਘਰਾਣਿਆਂ ਦੇ ਸਟੋਰ ਬੰਦ ਕਰਕੇ ਸਮੇਤ ਰੇਲਵੇ ਨੂੰ ਕਰੋੜਾਂ ਰੁਪਏ ਦਾ ਵੱਡਾ ਨੁਕਸਾਨ ਕਰਕੇ ਆਪਣੀ ਹੋਂਦ ਦਰਸਾ ਦਿੱਤੀ ਹੈ। ਚੌਂਕੀਮਾਨ ਟੋਲ ਪਲਾਜ਼ੇ ’ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਰਸੂਲਪੁਰ, ਸੁਖਵਿੰਦਰ ਹੰਭੜਾਂ, ਤੇਜਾ ਸਿੰਘ ਪੱਬੀਆਂ, ਮਨਪ੍ਰੀਤ ਸਿੰਘ, ਸਤਨਾਮ ਮੋਰਕਰੀਮਾਂ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਨਾਅਰੇਬਾਜ਼ੀ ਕਰਦਿਆਂ ਮੋਦੀ ਨੂੰ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਤੋਂ ਪਿਛਾਂਹ ਮੁੜਨ ਲਈ ਵੰਗਾਰਿਆ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਰੇਲਵੇ ਟਰੈਕਾਂ/ਪਲੇਟਫਾਰਮਾਂ ‘ਤੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਆਪਣਾ ਧਰਨਾ ਪਲੇਟਫਾਰਮਾਂ ਤੋਂ ਚੁੱਕ ਦੇ ਰੇਲਵੇ ਸਟੇਸ਼ਨ ਦੇ ਬਾਹਰ ਲਾਇਆ ਗਿਆ। ਐੱਸਐੱਸਪੀ ਹਰਪ੍ਰੀਤ ਸਿੰਘ ਨੇ ਪਲੇਟਫਾਰਮ ਦਾ ਦੌਰਾ ਕੀਤਾ ਅਤੇ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਤੇ ਗੁਰਦੀਪ ਸਿੰਘ ਭੱਟੀ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਕਿਸਾਨ ਆਪਣੇ ਸੰਘਰਸ਼ ‘ਤੇ ਡਟੇ ਰਹਿਣਗੇ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰਾ ਸਿੰਘ ਮਾਜਰਾ, ਹਰਮਿੰਦਰ ਸਿੰਘ ਰਹੌਣ, ਹਰਮੇਸ਼ ਸਿੰਘ ਮਾਜਰਾ, ਜਸਬੀਰ ਸਿੰਘ ਮੁਸਤਫਾਬਾਦ ਹਾਜ਼ਰ ਸਨ।
ਕਿਸਾਨੀ ਸਮੱਸਿਆਵਾਂ ਸਬੰਧੀ ਨਾਟਕਾਂ ਭਰੀ ਸ਼ਾਮ ਅੱਜ
ਲੁਧਿਆਣਾ: ਮੌਜੂਦਾ ਸਮੇਂ ਦੇ ਦੌਰ ਵਿੱਚ ਦੇਸ਼ ਨੂੰ ਕਾਰਪੋਰੇਟ ਪੂੰਜੀਪਤੀਆਂ ਕੋਲ ਵੇਚਣ ਦੇ ਰਾਹ ਪਏ ਭਾਰਤੀ ਸਿਆਸਤਦਾਨਾਂ ਦੀਆਂ ਨੀਤੀਆਂ ਅਤੇ ਕਰੋਨਾ ਬਿਮਾਰੀ ’ਤੇ ਵਿਅੰਗ ਸਮੇਤ ਕਿਸਾਨੀ ਸਮੱਸਿਆਵਾਂ ਸਬੰਧੀ, ਦੇਸ਼ ਵਿਆਪੀ ਲੋਕ ਸੰਘਰਸ਼ਾਂ ਨੂੰ ਸਮਰਪਿਤ ਨਾਟਕ 8 ਨਵੰਬਰ ਸ਼ਾਮ 5.30 ਵਜੇ ਸ਼ੁਰੂ ਹੋਣਗੇ। ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਹੋ ਰਹੇ ਨਾਟਕਾਂ ਵਿੱਚ ਕ੍ਰਾਂਤੀ ਕਲਾ ਕੇਂਦਰ ਲੁਧਿਆਣਾ ਵੱਲੋਂ ਤਰਲੋਚਨ ਸਿੰਘ ਦਾ ਲਿਖਿਆ ਨਾਟਕ ‘ਆਖਰੀ ਅਲਫਾਜ’ ਜਗਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਖੇਡਿਆ ਜਾਵੇਗਾ। ਇਹ ਜਾਣਕਾਰੀ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਟਰੱਸਟ ਦੇ ਪ੍ਰਧਾਨ ਕਰਨਲ ਜੇਐੱਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦਿੱਤੀ ।-ਖੇਤਰੀ ਪ੍ਰਤੀਨਿਧ
ਧਰਨੇ ਦੌਰਾਨ ਸੰਤ ਰਾਮ ਉਦਾਸੀ ਨੂੰ ਯਾਦ ਕੀਤਾ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਰੇਲਵੇ ਸਟੇਸ਼ਨ ਧਰਨੇ ਦੀ ਸ਼ੁਰੂਆਤ ਕਰਦਿਆਂ ਕਿਰਤੀ ਕਾਮਿਆਂ ਨੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ 34ਵੀਂ ਬਰਸੀ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਮੋਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ । ਵਿਗਿਆਨ ਦੇ ਪ੍ਰੋ.ਜਗਦੇਵ ਸਿੰਘ ਗਿੱਲ ਰੂੰਮੀ ਨੇ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਰਚਿਆ ਗੀਤ ‘ਦਿੱਲੀ ਦਿਆਲਾ ਵੇਖ ਦੇਗ ’ਚ ਉਬਲਦਾ ਨੀ’ ਪੇਸ਼ ਕਰਕੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ । ਉਨ੍ਹਾਂ ਤੋਂ ਬਾਅਦ ਰੋਡਵੇਜ਼ ਮੁਲਾਜ਼ਮ ਆਗੂ ਜਗਦੀਸ਼ ਸਿੰਘ,ਮਦਨ ਸਿੰਘ,ਹੁਕਮ ਰਾਜ਼ ਦੇਹੜ੍ਹਕਾ,ਕੰਵਲਜੀਤ ਖੰਨਾ,ਹਰਦੀਪ ਗਾਲਬਿ ਨੇ ਕਿਹਾ ਕਿ 5 ਨਵੰਬਰ ਦੇ ਰੇਲਵੇ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਬੰਦ ਕਰਨੀਆਂ ਸਾਬਤ ਕਰਦੀਆਂ ਹਨ ਕਿ ਕੇਂਦਰ ਪੰਜਾਬ ਵਿੱਚ ਅਰਾਜ਼ਕਤਾ ਫੈਲਾਉਣੀ ਚਾਹੁੰਦਾ ਹੈ । ਅੰਤ ਵਿੱਚ ਆਗੂਆਂ ਨੇ 10 ਨਵੰਬਰ ਦੇ ਰੇਲ ਧਰਨੇ ਵਿੱਚ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ