ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਮਈ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਦੇਸ਼ ਦੇ ਜਲ, ਜੰਗਲ ਅਤੇ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਉਣ ਲਈ ਮੋਦੀ ਹਕੂਮਤ ਵੱਲੋਂ ਥੋਪੇ ਵਿਵਾਦਿਤ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਯੋਜਨਾਬੱਧ ਅਤੇ ਜ਼ਾਬਤੇ ਨਾਲ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਅੰਨ੍ਹੇ ਮੁਨਾਫ਼ੇ ਲਈ ਧਰਤੀ ਮਾਂ ਨੂੰ ਉਜਾੜਨ ਵਾਲੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਮਾਂ ਦਿਵਸ ਮੌਕੇ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਧਰਨੇ ਦੀ ਅਗਵਾਈ ਪਰਮਜੀਤ ਕੌਰ ਜੜਤੌਲੀ, ਜਰਨੈਲ ਕੌਰ ਕਿਲ੍ਹਾ ਰਾਏਪੁਰ ਅਤੇ ਮਹਿੰਦਰ ਕੌਰ ਡੇਹਲੋਂ ਨੇ ਕੀਤੀ। ਜਨਵਾਦੀ ਇਸਤਰੀ ਸਭਾ ਦੀ ਆਗੂ ਸੁਖਵਿੰਦਰ ਕੌਰ, ਪਰਮਜੀਤ ਕੌਰ, ਕਿਸਾਨ ਆਗੂ ਸੁਰਜੀਤ ਸਿੰਘ ਸੀਲੋ, ਬਲਦੇਵ ਸਿੰਘ ਧੂਰਕੋਟ, ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ, ਸਾਬਕਾ ਕੌਂਸਲਰ ਹਰਭਜਨ ਸਿੰਘ ਸੰਦੀਲਾ, ਬੱਚੀ ਸੁਰੀਤ ਕੌਰ, ਕਾਕਾ ਜੋਬਨਪ੍ਰੀਤ ਸਿੰਘ, ਕਲੈਕਟਰ ਸਿੰਘ ਨਾਰੰਗਵਾਲ ਨੇ ਵੀ ਸੰਬੋਧਨ ਕੀਤਾ। ਉੱਧਰ ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ ਟੋਲ ਪਲਾਜ਼ਾ ਉੱਪਰ ਵੀ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਧਰਤੀ ਮਾਂ ਦੀ ਰਾਖੀ ਲਈ ਸੰਘਰਸ਼ ਜਿੱਤ ਤੱਕ ਜਾਰੀ ਰੱਖ ਦਾ ਐਲਾਨ ਕੀਤਾ ਗਿਆ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਅਰੰਭਿਆ ਸੰਘਰਸ਼ 222ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਹਰਮਿੰਦਰ ਸਿੰਘ ਅਤੇ ਦਲਜੀਤ ਸਿੰਘ ਸਵੈਚ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਬੇਲੋੜੇ ਲਾਕਡਾਊਨ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਲਾਕਡਾਊਨ ਕਾਰਨ ਕਿਸਾਨਾਂ ਦੀਆਂ ਸਬਜ਼ੀਆਂ ਸੜ ਰਹੀਆਂ ਹਨ, ਕਿਉਂਕਿ ਇਕ ਗਰੀਬ ਵਿਅਕਤੀ ਜੋ ਸਬਜ਼ੀਆਂ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ, ਉਹ ਕੀ ਕਰੇਗਾ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਵਾਅਦਾ ਕੀਤਾ ਸੀ, ਪ੍ਰਤੂੰ ਹੁਣ ਕਿਸਾਨਾਂ ਨੂੰ ਬੈਕਾਂ ਦੇ ਨੋਟਿਸ ਆ ਰਹੇ ਹਨ, ਇਹ ਕਿਸਾਨ ਇਸ ਮੰਦਹਾਲੀ ਦੇ ਦੌਰ ਵਿਚ ਕਰਜ਼ੇ ਕਿੱਥੋਂ ਭਰਨਗੇ। ਇਸ ਮੌਕੇ ਹਰਜਿੰਦਰ ਸਿੰਘ ਰਤਨਹੇੜੀ ਅਤੇ ਅਮਨਦੀਪ ਵਰਮਾ ਅਮਰਗੜ੍ਹ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਬਿਨ੍ਹਾਂ ਕਿਸੇ ਡਰ ਤੋਂ ਆਪਣੀਆਂ ਦੁਕਾਨਾਂ ਖੋਲ੍ਹਣ ਕਿਉਂਕਿ ਜੇਕਰ ਅਜੇ ਵੀ ਆਵਾਜ਼ ਬੁਲੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਹਰ ਛੋਟੇ ਵੱਡੇ ਵਪਾਰੀ ਖ਼ਤਮ ਹੋ ਜਾਣਗੇ ਤੇ ਦੇਸ਼ ਵਿਚ ਅੰਬਾਨੀ ਅੰਡਾਨੀ ਦਾ ਬੋਲਬਾਲਾ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅਸੀਂ ਆਪਣੀਆਂ ਜ਼ਮੀਨਾਂ ਖੋਹਣ ਨਹੀਂ ਦਵਾਂਗੇ ਅਤੇ ਕਾਲੇ ਕਾਨੂੰਨ ਰੱਦ ਹੋਣ ਤੱਕ ਡੱਟੇ ਰਹਾਂਗੇ। ਉਪਰੋਕਤ ਆਗੂਆਂ ਨੇ ਹਰ ਵਰਗ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਇਕਜੁੱਟ ਹੋ ਕੇ ਹਰਾਉਣ। ਕਿਸਾਨਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਤੋਂ ਦੇਸ਼ ਨਹੀਂ ਸੰਭਾਲਿਆ ਜਾ ਰਿਹਾ ਤਾਂ ਉਹ ਅਸਤੀਫ਼ਾ ਦੇਣ ਤਾਂ ਜੋ ਦੇਸ਼ ਦਾ ਵਿਕਾਸ ਹੋ ਸਕੇ। ਇਸ ਮੌਕੇ ਅਵਤਾਰ ਸਿੰਘ, ਕਸ਼ਮੀਰਾ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਬੁੱਧ ਸਿੰਘ, ਹਰਵਿੰਦਰ ਸਿੰਘ, ਬਲਵੰਤ ਸਿੰਘ, ਜਮੀਲ ਮੁਹੰਮਦ, ਹਰਮੇਸ਼ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ, ਦੀਦਾਰ ਸਿੰਘ, ਅਜਮੇਰ ਸਿੰਘ, ਦਲਵਾਰਾ ਸਿੰਘ ਆਦਿ ਹਾਜ਼ਰ ਸਨ।