ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਜੂਨ
ਮੋਦੀ ਹਕੂਮਤ ਵੱਲੋਂ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਲਾਗੂ ਕੀਤੇ ਜਾ ਰਹੇ ਕਿਰਤ ਕੋਡ ਦਾ ਤਿੱਖਾ ਵਿਰੋਧ ਕਰਦਿਆਂ ਕਿਸਾਨਾਂ ਨੇ ਇਨ੍ਹਾਂ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ ਹੈ। ਇਥੇ ਰੇਲਵੇ ਪਾਰਕ ’ਚ ਪਿਛਲੇ ਢਾਈ ਸੌ ਦਿਨ ਤੋਂ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ’ਚ ਕਿਰਤ ਕਾਨੂੰਨਾਂ ਦੇ ਵਿਰੋਧ ’ਚ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸੰਸਾਰ ਭਰ ’ਚ ਗਰੀਬੀ ਦੇ ਮਾਮਲੇ ’ਚ ਬੰਗਲਾਦੇਸ਼ ਤੇ ਨੇਪਾਲ ਤੋਂ ਵੀ ਹੇਠਾਂ ਚਲੇ ਗਏ ਇਸ ਮੁਲਕ ’ਚ ਮਜ਼ਦੂਰਾਂ ਦੇ ਹਲਕ ’ਚੋਂ ਜਾਂਦੀ ਆਖਰੀ ਬੁਰਕੀ ਖੋਹਣ ਦਾ ਵੀ ਇੰਤਜ਼ਾਮ ਕਰ ਲਿਆ ਗਿਆ ਹੈ। ਕਾਰਪੋਰੇਟ ਜਗਤ ਦੀ ਅੰਨ੍ਹੀ ਲੁੱਟ ’ਚ ਬੇਅਥਾਹ ਵਾਧਾ ਕਰਨ ਲਈ ਕਿਸਾਨਾਂ ਤੋਂ ਬਾਅਦ ਹੁਣ ਮਜ਼ਦੂਰਾਂ ਦੀ ਸੰਘੀ ਨੂੰ ਹੱਥ ਪਾਇਆ ਗਿਆ ਹੈ। ਉਨ੍ਹਾਂ ਦੇਸ਼ ਭਰ ਦੀ ਮਜ਼ਦੂਰ ਜਮਾਤ ਵੱਲੋਂ ਹਜ਼ਾਰਾਂ ਕੁਰਬਾਨੀਆਂ ਦੇ ਕੇ ਹਾਸਲ ਕੀਤੇ ਹੱਕਾਂ ਦੀ ਰਾਖੀ ਲਈ ਮਜ਼ਦੂਰ ਜਮਾਤ ਨੂੰ ਸੰਘਰਸ਼ ਦੇ ਪਿੜ੍ਹ ਮਘਾਉਣ ਦਾ ਸੱਦਾ ਦਿੱਤਾ। ਇਕ ਮਤੇ ਰਾਹੀਂ ਹਰਿਆਣਾ ਦੇ ਟੋਹਾਣਾ ਕਸਬੇ ’ਚ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਵਾਉਣ ਅਤੇ ਦਰਜ ਝੂਠੇ ਕੇਸ ਵਾਪਸ ਲੈਣ ਦੀ ਜ਼ੋਰਦਾਰ ਮੰਗ ਕਰਦਿਆਂ ਹਰਿਆਣਾ ਦੇ ਕਿਸਾਨਾਂ ਦੇ ਜ਼ਬਰਦਸਤ ਸੰਘਰਸ਼ ਦੀ ਹਮਾਇਤ ਕੀਤੀ ਗਈ। ਲੰਮੀ ਬੀਮਾਰੀ ਉਪਰੰਤ ਮੁੜ ਸਿਹਤਯਾਬ ਹੋਏ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਬਿ ਦੀ ਪ੍ਰਧਾਨਗੀ ਹੇਠ ਦਿੱਤੇ ਗਏ ਇਸ ਧਰਨੇ ’ਚ ਸਮੂਹ ਇਲਾਕਾ ਵਾਸੀ ਕਿਸਾਨਾਂ, ਮਜ਼ਦੂਰਾਂ, ਮਾਵਾਂ ਭੈਣਾਂ ਨੂੰ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਨ ’ਤੇ ਸਿਜਦਾ ਕਰਨ ਲਈ ਰੇਲਵੇ ਪਾਰਕ ਜਗਰਾਉਂ ’ਚ ਰੱਖੇ ਸ਼ਰਧਾਂਜਲੀ ਸਮਾਗਮ ’ਚ ਪੰਹੁਚਣ ਦਾ ਸੱਦਾ ਦਿੱਤਾ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ ਨੇ ਦੱਸਿਆ ਕਿ ਇਸ ਦਿਨ ਪ੍ਰਸਿੱਧ ਨਾਟਕਕਾਰ ਪ੍ਰੋ. ਸੋਮਪਾਲ ਹੀਰਾ ਨਾਟਕ ‘ਅੰਦੋਲਨਜੀਵੀ’ ਪੇਸ਼ ਕਰੇਗਾ। ਇਸ ਸਮੇਂ ਲਖਵੀਰ ਸਿੱਧੂ, ਰਾਮ ਸਿੰਘ ਹਠੂਰ ਨੇ ਗੀਤ ਪੇਸ਼ ਕੀਤੇ। ਧਰਨੇ ’ਚ ਬੰਤਾ ਸਿੰਘ ਡੱਲਾ, ਮਦਨ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਚ ਭਾਜਪਾ ਖ਼ਿਲਾਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਰੁਲਣ ਲਈ ਮਜ਼ਬੂਰ ਹੋ ਗਿਆ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਜੇਕਰ ਭਵਿੱਖ ਬਚਾਉਣਾ ਹੈ ਤਾਂ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਨਾ ਹੀ ਪਵੇਗਾ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਹਰ ਵਰਗ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਮੋਦੀ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਛੋਟੇ ਕਿਸਾਨ ਬਿਲਕੁੱਲ ਤਬਾਹ ਹੋ ਜਾਣਗੇ। ਪ੍ਰਧਾਨ ਮੰਤਰੀ ਦੇਸ਼ ਦੇ ਅੰਨਦਾਤੇ ਨੂੰ ਬਰਬਾਦ ਕਰਨ ਵਾਲੇ ਮੌਜੁੂਦਾ ਸਮੇਂ ਦੇ ਔਰੰਗਜੇਬ ਸਾਬਤ ਹੋ ਰਹੇ ਹਨ, ਜਿਹੜਾ ਦੇਸ਼ ਦੀ ਜਨਤਾ ਨੂੰ ਗੁਲਾਮੀ ਦੀਆਂ ਜੰਜੀਰਾਂ ’ਚ ਜਕੜਣਾ ਚਾਹੁੰਦਾ ਹੈ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਧਰਮ ਤੇ ਜਾਤ ਦੇ ਆਧਾਰ ’ਤੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਦੇ ਸਫ਼ਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹ ਬਾਰਡਰਾਂ ਤੋਂ ਉੱਠਣ ਵਾਲੇ ਨਹੀਂ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਲੜੀਵਾਰ ਧਰਨਾ 148ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਅਗਵਾਈ ਪਰਮਜੀਤ ਕੌਰ, ਕਰਮਜੀਤ ਕੌਰ ਅਤੇ ਮਹਿੰਦਰ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਨੇ ਮੋਦੀ ਸਰਕਾਰ ਵੱਲੋਂ ਕਿਸਾਨ ਅੰਦੋਲਨ ਪ੍ਰਤੀ ਧਾਰਨ ਕੀਤੀ ਸਾਜ਼ਿਸ਼ੀ ਚੁੱਪ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅੰਦੋਲਨਕਾਰੀ ਸੈਂਕੜੇ ਕਿਰਤੀ ਕਿਸਾਨ ਸ਼ਹੀਦ ਹੋ ਗਏ ਹਨ ਪਰ ਮੋਦੀ ਨੀਰੋ ਦੀ ਤਰਾਂ ਬੰਸਰੀ ਵਜਾਉਣ ਵਿੱਚ ਮਗਨ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦੀ ਕੀਮਤ ਮੋਦੀ ਸਰਕਾਰ ਨੂੰ ਸੱਤਾ ਤੋਂ ਹੱਥ ਧੋ ਕੇ ਚੁਕਾਉਣੀ ਪਵੇਗੀ। ਉਨ੍ਹਾਂ ਭੈਣਾਂ ਅਤੇ ਕਿਸਾਨ ਭਰਾਵਾਂ ਨੂੰ ਮੋਰਚਿਆਂ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਹੋਰਨਾ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਸਕੱਤਰ ਪ੍ਰੋਫੈਸਰ ਪਰਮਜੀਤ ਕੌਰ ਲੁਧਿਆਣਾ, ਕਰਮਜੀਤ ਕੌਰ ਲੁਧਿਆਣਾ, ਸੂਬਾਈ ਕਿਸਾਨ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸਰਮੁੱਖ ਸਿੰਘ ਸੇਲਵਰ੍ਹਾ ਨੇ ਵੀ ਸੰਬੋਧਨ ਕੀਤਾ।
ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਸਤਰੀ ਵਿੰਗ ਦਾ ਗਠਨ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਪਿੰਡ ਕਮਾਲਪੁਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਸਤਰੀ ਵਿੰਗ ਦਾ ਗਠਨ ਕੀਤਾ ਗਿਆ। ਇਸ ਮੌਕੇ ਇਕਾਈ ਪ੍ਰਧਾਨ ਚਰਨਜੀਤ ਸਿੰਘ ਬਾਸੀ ਦੀ ਅਗਵਾਈ ਹੇਠ ਇਕੱਤਰ ਹੋਈਆਂ ਔਰਤਾਂ ਨੇ ਇਕਸੁਰ ਹੋਕੇ ਅਹਿਦ ਕੀਤਾ ਕਿ ਉਹ ਵੀ ਕਿਸਾਨ ਅੰਦੋਲਨ ’ਚ ਵੱਧ ਚੜ੍ਹ ਕੇ ਭਾਗ ਲੈਣਗੀਆਂ। ਇਸ ਸਮੇਂ ਬੋਲਦਿਆਂ ਵੱਖ ਵੱਖ ਮੈਂਬਰਾਂ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਦੇਸ਼ ਭਰ ’ਚੋਂ ਲੋਕਾਂ ਨੇ ਬੁਰੀ ਤਰ੍ਹਾਂ ਦੁਰਕਾਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਨੂੰ ਪਿੰਡਾਂ ’ਚ ਵੜਣ ਤੋਂ ਰੋਕਣ ਲਈ ਮਹਿਲਾ ਵਿੰਗ ਮੂਹਰੇ ਹੋ ਕੇ ਡਟੇਗਾ। ਇਸ ਸਮੇਂ ਔਰਤਾਂ ਦੀ 37 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਅਮਰਜੀਤ ਕੌਰ ਸਾਬਕਾ ਮੈਂਬਰ ਨੂੰ ਪ੍ਰਧਾਨ, ਸਰਬਜੀਤ ਕੌਰ ਪੱਤੀ ਕਮਾਲਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਕੌਰ ਸਕੱਤਰ, ਚਰਨਜੀਤ ਕੌਰ ਮੀਤ ਪ੍ਰਧਾਨ, ਬਲਜਿੰਦਰ ਕੌਰ ਮੀਤ ਸਕੱਤਰ, ਗੁਰਮੀਤ ਕੌਰ ਬਾਸੀ ਖਜਾਨਚੀ , ਜਸਵਿੰਦਰ ਕੌਰ, ਹਰਬੰਸ ਕੌਰ ਕਰਨੈਲ ਕੋਰ, ਸੁਰਜੀਤ ਕੌਰ, ਇੰਦਰਜੀਤ ਕੌਰ, ਕੁਲਦੀਪ ਕੌਰ ਕਾਰਜਕਾਰੀ ਕਮੇਟੀ ਮੈਂਬਰ ਚੁਣੇ ਗਏ। ਕਮੇਟੀ ਨੇ ਐਲਾਨ ਕੀਤਾ ਕਿ 14 ਜੂਨ ਨੂੰ ਔਰਤਾਂ ਦੇ ਲੁਧਿਆਣਾ ਜ਼ਿਲ੍ਹੇ ’ਚੋਂ ਜਾਣ ਵਾਲੇ ਕਾਫਲੇ ’ਚ ਪਿੰਡ ਕਮਾਲ ਪੁਰਾ ਤੋਂ ਵੀ ਜਥਾ ਸ਼ਾਮਲ ਹੋਵੇਗਾ।
ਕੰਗਣਵਾਲ ਤੋਂ 27ਵਾਂ ਜਥਾ ਰਵਾਨਾ
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੀ ਇਕਾਈ ਕੰਗਣਵਾਲ ਦਾ 27ਵਾਂ ਜਥਾ ਅੱਜ ਦਿੱਲੀ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਡਾ. ਦਿਨੇਸ਼ ਬੱਤਰਾ ਨੇ ਜਥੇ ਨੂੰ ਮਾਲੀ ਸਹਾਇਤਾ ਵੀ ਦਿੱਤੀ। ਜਾਣਕਾਰੀ ਦਿੰਦਿਆਂ ਪ੍ਰਧਾਨ ਜਸਵੰਤ ਸਿੰਘ ਗੋਲੂ ਅਕਾਈ ਪ੍ਰਧਾਨ ਕੰਗਣਵਾਲ ਨੇ ਦੱਸਿਆ ਕਿ ਡਾ. ਹਰਦੀਪ ਕੁਮਾਰ ਬਬਲਾ ਤੇ ਡਾ. ਸੁਰਾਜਦੀਨ ਕੰਗਣਵਾਲ ਦੀ ਅਗਵਾਈ ਹੇਠ ਲੋਕ ਜਾਗਰੂਕਤਾ ਫਾਊਂਡੇਸ਼ਨ ਦੇ ਪ੍ਰਧਾਨ ਡਾ. ਦਿਨੇਸ਼ ਬੱਤਰਾ ਲੁਧਿਆਣਾ ਵੱਲੋਂ ਕਿਸਾਨ ਇਕਾਈ ਕੰਗਣਵਾਲ ਨੂੰ ਮਾਲੀ ਸਹਾਇਤਾ ਦਿੱਤੀ ਗਈ ਅਤੇ ਆਖਿਆ ਕਿ ਕਿਸਾਨੀ ਸੰਘਰਸ਼ ਲੰਮਾ ਚੱਲਣ ਦੀ ਸੂਰਤ ਵਿਚ ਡਾਕਟਰ ਅਤੇ ਉਨ੍ਹਾਂ ਦੇ ਸਾਥੀ ਕਿਸਾਨਾਂ ਦੀ ਸਹਾਇਤਾ ਲਈ ਹਮੇਸ਼ਾ ਸਾਥ ਦਿੰਦੇ ਰਹਿਣਗੇ। ਇਸ ਮੌਕੇ ਦਿੱਲੀ ਕਿਸਾਨੀ ਸੰਘਰਸ਼ ਲਈ ਪਿੰਡ ਕੰਗਣਵਾਲ ਤੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਅਤੇ ਕਰੀਬ ਇੱਕ ਮਹੀਨੇ ਦੇ ਰਾਸ਼ਨ ਨਾਲ 27ਵਾਂ ਜਥਾ ਰਵਾਨਾ ਕੀਤਾ ਗਿਆ।