ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਕਤੂਬਰ
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਛੇਵਾਂ ਸਾਲਾਨਾ ਇਜਲਾਸ ਹੋਇਆ, ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਕੁਲਦੀਪ ਸਿੰਘ ਐਡਵੋਕੇਟ, ਸ਼ਿੰਦਰ ਸਿੰਘ ਜਵੱਦੀ, ਉਜਾਗਰ ਸਿੰਘ ਬੱਦੋਵਾਲ, ਜਸਦੇਵ ਸਿੰਘ ਲਲਤੋਂ, ਕੁਲਵੰਤ ਕੌਰ ਆਦਿ ਸ਼ਾਮਲ ਹੋਏ। ਸੱਭਿਆਚਾਰਕ ਸੈਸ਼ਨ ਮੌਕੇ ਇਨਕਲਾਬੀ ਗੀਤਾਂ/ ਕਵਿਤਾਵਾਂ ਦਾ ਰੰਗ ਬੰਨ੍ਹਿਆ ਗਿਆ। ਪ੍ਰਧਾਨਗੀ ਮੰਡਲ ਵੱਲੋਂ ਸ੍ਰੀ ਲਲਤੋਂ ਨੇ ਬੀਤੇ ਇੱਕ ਸਾਲ ’ਚ ਲੜੇ ਘੋਲਾਂ ਤੇ ਕੀਤੀਆਂ ਸਰਗਰਮੀਆਂ ਦੀ ਵਿਸਥਾਰੀ ਰੀਵਿਊ ਰਿਪੋਰਟ ਅਤੇ ਅਗਲੇ ਸਾਲ ਦੀ ਸੰਖੇਪ ਯੋਜਨਾਬੰਦੀ ਦਾ ਖ਼ਾਕਾ ਪੇਸ਼ ਕੀਤਾ। ਅਖ਼ੀਰ ਵਿੱਚ ਸਰਬਸੰਮਤੀ ਨਾਲ ਰਿਪੋਰਟ ਤੇ ਵਿਉਂਤਬੰਦੀ ਨੂੰ ਪਾਸ ਕੀਤਾ ਅਤੇ ਪੰਜ ਹੋਰ ਅਹਿਮ ਮਤੇ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ਤਹਿਤ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ। ਕਰੋਨਾ ਤੋਂ ਇਲਾਵਾ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਇਲਾਜ ਤੋਂ ਪਹਿਲਾਂ ਕਰੋਨਾਂ ਜਾਂਚ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਗਈ ਅਤੇ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨ ਭੰਗ ਕਰਕੇ ਬਣਾਏ ਚਾਰ ਸਰਮਾਏਦਾਰਾਂ ਪੱਖੀ ਕਿਰਤ ਕੋਡਾਂ ਨੂੰ ਫੌਰੀ ਵਾਪਿਸ ਲੈਣ ਅਤੇ ਪਹਿਲੇ ਕਿਰਤ ਕਾਨੂੰਨ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਦੇਸ਼ ਭਰ ਦੀਆਂ ਜੇਲ੍ਹਾਂ ’ਚ ਡੱਕੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਜਮਹੂਰੀ ਆਗੂਆਂ ਤੇ ਘੱਟ ਗਿਣਤੀ ਕਾਰਕੁਨਾਂ ਨੂੰ ਫੌਰੀ ਬਿਨਾਂ ਸ਼ਰਤ ਰਿਹਾ ਕਰਨ ਦੀ ਆਵਾਜ਼ ਬੁਲੰਦ ਕੀਤੀ ਗਈ। ਇਸ ਦੌਰਾਨ 11 ਮੈਂਬਰੀ ਕਾਰਜਕਾਰੀ ਕਮੇਟੀ ਚੁਣੀ ਗਈ।