ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਦਸੰਬਰ
ਇੱਥੇ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਸਮੇਤ ਸ਼ਰਾਬ ਬਣਾਉਣ ਵਾਲੀ ਲਾਹਣ ਬਰਾਮਦ ਕਰ ਕੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਸਾਂਝੀ ਕਰਦਿਆਂ ਐੱਸ.ਪੀ. ਗੁਰਦੀਪ ਸਿੰਘ ਅਤੇ ਡੀ.ਐੱਸ.ਪੀ. ਅਨਿਲ ਭਨੋਟ ਦੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਾਗੀਆਂ ’ਚ ਸੁਖਵਿੰਦਰ ਸਿੰਘ ਉਰਫ ਚੈਨੀ, ਪ੍ਰੇਮ ਸਿੰਘ, ਸੁਖਦੇਵ ਸਿੰਘ ਸੇਬੀ, ਗੁਰਪ੍ਰੀਤ ਸਿੰਘ ਆਦਿ ਸ਼ਰਾਬ ਕੱਢਣ ਲਈ ਭੱਠੀ ਚਲਾ ਰਹੇ ਹਨ।
ਪੁਲੀਸ ਪਾਰਟੀ ਨੇ ਪਿੰਡ ਬਾਗੀਆਂ ਵਿਚ ਛਾਪਾ ਮਾਰਿਆ ਪਰ ਪੁਲੀਸ ਦੇ ਆਉਣ ਦੀ ਭਿਣਕ ਲੱਗਣ ਤੇ ਚਾਰੇ ਮੁਲਜ਼ਮ ਉੱਥੇ ਹੀ ਸਾਰਾ ਸਾਮਾਨ ਚੱਲਦੀ ਭੱਠੀ, ਛੇ ਸੌ ਬੋਤਲ ਸ਼ਰਾਬ, 7200 ਲੀਟਰ ਸ਼ਰਾਬ ਦਾ ਲਾਹਣ, ਦੋ ਮੋਟਰਸਾਈਕਲ, 5 ਵੱਡੇ ਟਾਇਰਾਂ ਦੀਆਂ ਟਿਊਬਾਂ ਜਿਨ੍ਹਾਂ ’ਚ ਕੱਢੀ ਹੋਈ ਸ਼ਰਾਬ ਪਾਉਂਦੇ ਸਨ, ਆਦਿ ਛੱਡ ਕੇ ਫਰਾਰ ਹੋ ਗਏ। ਪੁਲੀਸ ਨੇ ਮੌਕੇ ਤੋਂ ਸਾਰਾ ਸਾਮਾਨ ਕਬਜ਼ੇ ’ਚ ਲੈ ਲਿਆ ਹੈ ਅਤੇ ਚਾਰਾਂ ਖਿਲਾਫ਼ ਥਾਣਾ ਸਿੱਧਵਾਂ ਬੇਟ ’ਚ ਕੇਸ ਦਰਜ ਕਰਨ ਉਪਰੰਤ ਚਾਰਾਂ ਦੀ ਗ੍ਰਿਫਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਐੱਸ.ਪੀ. ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਾਰੇ ਘਟੀਆ ਸਾਜ਼ੋ-ਸਾਮਾਨ ਨਾਲ ਸ਼ਰਾਬ ਤਿਆਰ ਕਰਕੇ ਲੋਕਾਂ ਨੂੰ ਵੇਚਦੇ ਹਨ।