ਪੱਤਰ ਪ੍ਰੇਰਕ
ਜਗਰਾਉਂ, 25 ਅਗਸਤ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਕਪਤਾਨ ਹਰਜੀਤ ਸਿੰਘ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਰੁਖ਼ ਅਪਣਾਉਦੇ ਹੋਏ ਕਈ ਥਾਵਾਂ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ, ਅਫੀਮ, ਭੁੱਕੀ, ਨਸ਼ੇ ਵਾਲੀ ਗੋਲੀਆਂ ਬਰਾਮਦ ਕਰਕੇ 6 ਤਸਕਰਾਂ ਨੂੰ ਨਾਮਜ਼ਦ ਕਰ ਕੇਸ ਦਰਜ ਕੀਤੇ ਹਨ । ਪੁਲੀਸ ਥਾਣਾ ਹਠੂਰ ਨੇ 23 ਬੋਤਲਾਂ ਸ਼ਰਾਬ ਸਮੇਤ ਪ੍ਰੀਤਮ ਸਿੰਘ ਉਰਫ ਪੀਤੂ ਨੂੰ ਗ੍ਰਿਫਤਾਰ ਕਰਕ ਕੇਸ ਦਰਜ ਕੀਤਾ। ਦੂਜੇ ਮਾਮਲੇ ਵਿੱਚ ਹਰਪ੍ਰੀਤ ਸਿੰਘ ਉਰਫ ਪੀਤਾ ਵਾਸੀ ਭੰਮੀਪੁਰ ਕਲਾਂ ਨੂੰ ਹਿਰਾਸਤ ’ਚ ਲੈ 95 ਨਸ਼ੇ ਵਾਲੀ ਗੋਲੀਆਂ ਬਰਾਮਦ ਕੀਤੀਆਂ । ਦਾਖਾ ਪੁਲੀਸ ਨੇ ਪਰਵਿੰਦਰ ਸਿੰਘ ਉਰਫ ਸੁਖਜੋਤਪ੍ਰੀਤ ਸਿੰਘ ਵਾਸੀ ਪਿੰਡ ਰੂੰਮੀ ਅਤੇ ਮਨਜਿੰਦਰ ਸਿੰਘ ਉਰਫ ਮਨੀ ਪਿੰਡ ਮੰਡਿਆਣੀ (ਦਾਖਾ) ਨੂੰ ਸਵਿਫਟ ਕਾਰ ਪੀਬੀ 25 ਜੀ 0315 ਸਮੇਤ ਹਿਰਾਸਤ ਵਿੱਚ ਲਿਆ ਅਤੇ 50 ਗਰਾਮ ਅਫੀਮ ਬਰਾਮਦ ਕੀਤੀ। ਪੁਲੀਸ ਐਂਟੀਨਾਰਕੋਟਿਕ ਸੈੱਲ ਨੇ ਸਿੱਧਵਾਂ ਬੇਟ ਥਾਣੇ ਦੇ ਅਧਿਕਾਰ ਖੇਤਰ ਵਿੱਚੋਂ 15 ਕਿੱਲੋ ਭੁੱਕੀ ਚੂਰਾ ਸਮੇਤ ਮੋਟਰਸਾਈਕਲ ਨੰਬਰ ਪੀਬੀ 29 ਯੂ 9224 ਪਰਮਿੰਦਰ ਸਿੰਘ ਉਰਫ ਪਿੰਦਰ ਵਾਸੀ ਪਿੰਡ ਤਲਵੰਡੀ ਮੱਲੀਆਂ (ਅਜੀਤਵਾਲ) ਮੋਗਾ ਨੂੰ ਹਿਰਾਸਤ ਵਿੱਚ ਲਿਆ। ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਗੁਰਦੇਵ ਸਿੰਘ ਉਰਫ ਦੇਬੂ ਵਾਸੀ ਪਿੰਡ ਨਵਾਂ ਸਲੇਮਪੁਰਾ ਨੂੰ ਹਿਰਾਸਤ ਵਿੱਚ ਲਿਆ ਅਤੇ ਉਸ ਕੋਲੋਂ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਗ੍ਰਿਫਤਾਰ ਮੁਲਜ਼ਮਾਂ ਖਿਲਾਫ ਪੁਲੀਸ ਨੇ ਕੇਸ ਦਰਜ ਕਰਨ ਉਪਰੰਤ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।