ਗੁਰਿੰਦਰ ਸਿੰਘ
ਲੁਧਿਆਣਾ, 18 ਮਈ
ਵੱਖ ਵੱਖ ਇਲਾਕਿਆਂ ਵਿੱਚ ਹੋਈਆਂ ਚੋਰੀਆਂ ਦੇ ਸਬੰਧ ਵਿੱਚ ਪੁਲੀਸ ਨੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀਸ਼ੁਦਾ ਮਾਲ ਬਰਾਮਦ ਕਰ ਲਿਆ ਹੈ। ਥਾਣਾ ਪੀਏਯੂ ਦੇ ਇਲਾਕੇ ਹੰਬੜਾਂ ਰੋਡ ’ਚ ਇਕ ਫੈਕਟਰੀ ’ਚੋਂ ਸਟੈਬਲਾਈਜ਼ਰ ਚੋਰੀ ਕਰਦਿਆਂ ਪੁਲੀਸ ਨੇ ਨੌਸ਼ਾਦ ਵਾਸੀ ਪੰਜਾਬੀ ਬਾਗ਼ ਅਤੇ ਉਸਦੇ ਸਾਥੀ ਵਿੱਕੀ ਸਮੇਤ ਕਬਾੜੀਏ ਪਰਮਿੰਦਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਅਜੀਤ ਸਿੰਘ ਨੇ ਦੱਸਿਆ ਹੈ ਕਿ ਅਯਾਲੀ ਕਲਾਂ ਵਾਸੀ ਗਗਨਦੀਪ ਸਿੰਘ ਦੀ ਹੰਬੜਾਂ ਰੋਡ ਵਿੱਚ ਸਟੈਬਲਾਈਜ਼ਰ ਬਣਾਉਣ ਦੀ ਫੈਕਟਰੀ ਹੈ। ਰਾਤ ਸਮੇਂ ਉਹ ਅਚਨਚੇਤ ਆਪਣੇ ਭਰਾ ਹਰਮੀਕ ਸਿੰਘ ਅਤੇ ਵਰਕਰ ਅਵਤਾਰ ਸਿੰਘ ਨਾਲ ਜਦੋਂ ਫੈਕਟਰੀ ਗੇੜਾ ਮਾਰਨ ਗਿਆ ਤਾਂ ਅੱਗੋਂ ਦੋ ਨੌਜਵਾਨ ਸਟੈਬਲਾਈਜ਼ਰ ਚੋਰੀ ਕਰ ਕੇ ਰੇਹੜੇ ਵਿੱਚ ਰੱਖ ਰਹੇ ਸਨ। ਉਨ੍ਹਾਂ ਮੌਕੇ ’ਤੇ ਪੁੱਜ ਕੇ ਉਨ੍ਹਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਰੇਹੜਾ ਅਤੇ ਚੋਰੀ ਕੀਤੇ ਸਟੈਬਲਾਈਜ਼ਰ ਬਰਾਮਦ ਕਰ ਲਏ ਹਨ। ਇਸੇ ਤਰ੍ਹਾਂ ਥਾਣਾ ਮੇਹਰਬਾਨ ਦੇ ਇਲਾਕੇ ਸੀੜਾ ਸਥਿਤ ਇਕ ਡਾਇੰਗ ਫੈਕਟਰੀ ਵਿੱਚੋਂ ਕੱਪੜੇ ਦੇ 48 ਥਾਨ ਚੋਰੀ ਕਰਨ ਦੇ ਸਿਲਸਿਲੇ ਵਿਚ ਪੁਲੀਸ ਨੇ ਤੇਜਪਾਲ, ਹਰਕੇਸ਼ ਕੁਮਾਰ ਅਤੇ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਮੁਹੱਲਾ ਹਰਬੰਸ ਪੁਰਾ ਵਾਸੀ ਜਸਬੀਰ ਸਿੰਘ ਦੀ ਪਿੰਡ ਸੀੜਾ ਵਿੱਚ ਰਾਠੌੜ ਡਾਈਂਗ ਫੈਕਟਰੀ ਹੈ, ਜਿੱਥੇ ਕੱਪੜਾ ਰੰਗਾਈ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਐੱਸਆਰ ਫੈਬਰਿਕ ਵੱਲੋਂ ਕੱਪੜੇ ਦੀ ਰੰਗਾਈ ਲਈ 48 ਥਾਨ ਫੈਕਟਰੀ ’ਚ ਭੇਜੇ ਸਨ, ਜੋ ਮੁਲਜ਼ਮਾਂ ਨੇ ਚੋਰੀ ਕਰਕੇ ਮਹਿੰਦਰਾ ਗੱਡੀ ਵਿੱਚ ਲੱਦ ਕੇ ਲੈ ਗਏ। ਪੁਲੀਸ ਨੇ ਤਫਤੀਸ਼ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੱਪੜੇ ਦੇ ਚੋਰੀਸ਼ੁਦਾ ਥਾਨ ਅਤੇ ਗੱਡੀ ਕਬਜ਼ੇ ਵਿੱਚ ਲੈ ਲਈ ਹੈ।