ਰਾਮ ਗੋਪਾਲ ਰਾਏਕੋਟੀ
ਰਾਏਕੋਟ, 21 ਮਈ
ਇੱਥੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਸੀਟੂ ਵਰਕਰਾਂ ਵਲੋਂ ਮਜ਼ਦੂਰ ਵਰਗ ਦੀਆਂ ਤਕਲੀਫ਼ਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਮਜ਼ਦੂਰ ਵਰਗ ਨੂੰ ਸਹੂਲਤਾਂ ਦੇਣ ਤੋਂ ਹੱਥ ਪਿਛਾਂਹ ਖਿੱਚ ਕੇ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਮਜ਼ਦੂਰ ਵਰਗ ਨੂੰ ਭੁੱਖੇ ਮਰਨ ਲਈ ਇਕੱਲਿਆਂ ਛੱਡ ਰਹੀ ਹੈ। ਦੂਜੇ ਪਾਸੇ, ਪੰਜਾਬ ਪੁਲੀਸ ਥਾਂ-ਥਾਂ ਨਾਕੇ ਲਗਾ ਕੇ ਮਜ਼ਦੂਰਾਂ ਨੂੰ ਕਰੋਨਾ ਬਹਾਨੇ ਚਲਾਣ ਕੱਟਣ ਦੇ ਡਰਾਵੇ ਦੇ ਕੇ ਮੋਟੀ ਕਮਾਈ ਕਰ ਰਹੀ ਹੈ। ਇਸ ਕਾਰਨ ਸੀਟੂ ਵਰਕਰਾਂ ਵੱਲੋਂ ਲੁਧਿਆਣਾ-ਬਠਿੰਡਾ ਸੜਕ ’ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਮਰੇਡ ਗੋਰਾ ਨੇ 26 ਮਈ ਨੂੰ ਭਾਰਤੀ ਲੋਕਤੰਤਰ ਲਈ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ 26 ਮਈ ਨੂੰ ਸੀਟੂ ਨਾਲ ਸਬੰਧਿਤ ਸਾਰੀਆਂ ਯੂਨੀਅਨਾਂ ਕਾਲੇ ਝੰਡੇ ਲਹਿਰਾ ਕੇ, ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕ ਕੇ ਥਾਂ-ਥਾਂ ਪ੍ਰਦਰਸ਼ਨ ਕਰਨਗੀਆਂ।
ਇਸ ਮੌਕੇ ਕਰਮਜੀਤ ਸਿੰਘ ਸਨੀ, ਪ੍ਰਿਤਪਾਲ ਸਿੰਘ ਬਿੱਟਾ, ਰੁਲਦਾ ਸਿੰਘ ਗੋਬਿੰਦਗੜ੍ਹ, ਕਰਨੈਲ ਸਿੰਘ ਦੱਧਾਹੂਰ, ਭੁਪਿੰਦਰ ਸਿੰਘ ਗੌਬਿੰਦਗੜ੍ਹ, ਦਵਿੰਦਰ ਸਿੰਘ ਲਾਡੀ ਆਦਿ ਹਾਜ਼ਰ ਸਨ।