ਜਸਬੀਰ ਸ਼ੇਤਰਾ
ਜਗਰਾਉਂ, 12 ਮਈ
ਦੇਸ਼ ਦੇ ਇਤਿਹਾਸ ’ਚ ਦਰਜ ਘਟਨਾਵਾਂ ਅਤੇ ਸ਼ਹਾਦਤਾਂ ਸਿਖਰ ਵੱਲ ਵੱਧ ਰਹੇ ਕਿਸਾਨ ਸੰਘਰਸ਼ ਮੋਰਚੇ ਲਈ ਪ੍ਰੇਰਨਾ ਸਰੋਤ ਹਨ। ਬਾਬਾ ਬੰਦਾ ਸਿੰਘ ਬਹਾਦਰ ਦਾ ਜਾਗੀਰਦਾਰੀ ਖ਼ਿਲਾਫ਼ ਮੁਜਾਰਿਆਂ ਦੇ ਜ਼ਮੀਨੀ ਸੰਘਰਸ਼ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਅੱਜ ਦਾ ਕਿਸਾਨ ਅੰਦੋਲਨ ਉਨ੍ਹਾਂ ਹੀ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ। ਇਹ ਪ੍ਰਗਟਾਵਾ ਇਥੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦੇ 224ਵੇਂ ਦਿਨ ਅੱਜ ਕਿਸਾਨ ਆਗੂਆਂ ਨੇ ਕੀਤਾ। ਕਿਸਾਨ ਮੋਰਚਾ ਅੱਜ ਗੁਰੂ ਅੰਗਦ ਦੇਵ, ਬਾਬਾ ਬੰਦਾ ਬਹਾਦਰ ਸਿੰਘ ਬਹਾਦਰ ਵੱਲੋਂ ਸੂਬਾ ਸਰਹਿੰਦ ਤੇ ਫਤਿਹ ਦਿਵਸ, ਮਹਾਰਾਸ਼ਟਰ ’ਚ ਪੂਨਾ ਵਿਖੇ ਅੰਗਰੇਜ਼ਾਂ ਖ਼ਿਲਾਫ਼ ਪਹਿਲੀ ਬਗਾਵਤ ਦੇ ਸ਼ਹੀਦ ਵਾਸੂਦੇਵ ਬਲਵੰਤ ਫੜਕੇ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ। ਇਸ ਸਮੇਂ ਵਿਸ਼ਵ ਨਰਸਿੰਗ ਦਿਵਸ ਤੇ ਲੋਕ ਸੇਵਾ ’ਚ ਦਿਨ ਰਾਤ ਜੁਟੀਆਂ, ਨਿਰਸਵਾਰਥ ਸੇਵਾ ਕਰ ਰਹੀਆਂ ਨਰਸਿੰਗ ਸਟਾਫ ਦੀਆਂ ਨਰਸਾਂ ਨੂੰ ਸਿਜਦਾ ਕੀਤਾ ਗਿਆ। ਲੋਕ ਆਗੂ ਕੰਵਲਜੀਤ ਖੰਨਾ, ਧਰਮ ਸਿੰਘ ਸੂਜਾਪੁਰ, ਜਗਜੀਤ ਸਿੰਘ ਮਲਕ ਨੇ ਕਿਹਾ ਕਿ ਕਾਲੇ ਕਾਨੂੰਨ ਮੋਦੀ ਹਕੂਮਤ ਵਲੋਂ ਰੱਦ ਨਾ ਕਰਨ ਦੀ ਸੂਰਤ ’ਚ ਸੰਯੁਕਤ ਕਿਸਾਨ ਮੋਰਚਾ ਨੇ ਆਉਂਦੇ ਦਿਨਾਂ ’ਚ ਉੱਤਰ ਪ੍ਰਦੇਸ਼, ਉਤਰਾਖੰਡ ’ਚ ਮੋਦੀ ਹਕੂਮਤ ਨੂੰ ਸਿਆਸੀ ਤੌਰ ’ਤੇ ਖਤਮ ਕਰਨ ਲਈ ਜ਼ਬਰਦਸਤ ਮੁਹਿੰਮ ਵਿਢਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਪੰਜਾਬ ਅਤੇ ਹਰਿਆਣਾ ਭਰ ’ਚੋਂ ਹਜ਼ਾਰਾਂ ਕਿਸਾਨ ਮਜ਼ਦੂਰ ਦਿੱਲੀ ਬਾਰਡਰਾਂ ’ਤੇ ਪੰਹੁਚ ਰਹੇ ਹਨ। ਹੁਣ ਸਾਰੇ ਹੀ ਬਾਰਡਰਾਂ ’ਤੇ ਵੱਡੇ ਸਮਾਗਮਾਂ ’ਚ ਹਜ਼ਾਰਾਂ ਮਰਦ ਔਰਤਾਂ ਮੋਦੀ ਹਕੂਮਤ ਨੂੰ ਲਲਕਾਰ ਰਹੇ ਹਨ। ਉਨਾਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਇਸ ਜ਼ਿੰਦਗੀ ਮੌਤ ਦੇ ਸੰਘਰਸ਼ ’ਚ ਪੂਰੇ ਜੀਅ ਜਾਨ ਨਾਲ ਜੁਟਣ ਦਾ ਸੱਦਾ ਦਿੱਤਾ। ਇਸ ਮੌਕੇ ਮਦਨ ਸਿੰਘ, ਬਲਦੇਵ ਸਿੰਘ ਫ਼ੌਜੀ, ਜਗਦੀਸ਼ ਸਿੰਘ, ਹਰਬੰਸ ਸਿੰਘ ਬਾਰਦੇਕੇ ਹਾਜ਼ਰ ਸਨ।