ਗੁਰਿੰਦਰ ਸਿੰਘ
ਲੁਧਿਆਣਾ, 7 ਮਈ
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਸਰਹਿੰਦ ਫ਼ਤਹਿ ਦਿਵਸ ਸਬੰਧੀ 14 ਮਈ ਨੂੰ ਰਕਬਾ ਭਵਨ ਤੋਂ ਸਰਹਿੰਦ ਤੱਕ ਫ਼ਤਹਿ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਫਾਊਂਡੇਸ਼ਨ ਦੀ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਵਰਾਜ ਸਿੰਘ ਅਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ‘ਸਰਹਿੰਦ ਫ਼ਤਹਿ ਦਿਵਸ’ ਦਾ ਇਤਿਹਾਸਕ ਦਿਹਾੜਾ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 14 ਮਈ ਨੂੰ ਸਥਾਪਤ ਕੀਤੇ ਗਏ ਪਹਿਲੇ ਸਿੱਖ ਲੋਕ ਰਾਜ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਫ਼ਤਹਿ ਮਾਰਚ 14 ਮਈ ਨੂੰ ਸਵੇਰੇ 9 ਵਜੇ ਰਕਬਾ ਭਵਨ ਤੋਂ ਸ਼ੁਰੂ ਹੋਵੇਗਾ ਜੋ ਮੁੱਲਾਂਪੁਰ ਤੋਂ ਫਿਰੋਜ਼ਪੁਰ ਰੋਡ ਰਾਹੀਂ ਲੁਧਿਆਣਾ ਪੁੱਜੇਗਾ ਅਤੇ ਇਸ ਤੋਂ ਬਾਅਦ ਸਾਹਨੇਵਾਲ, ਦੋਰਾਹਾ, ਨੀਲੋਂ ਪੁਲ, ਸਮਰਾਲਾ, ਖਮਾਣੋਂ, ਮੋਰਿੰਡਾ ਅਤੇ ਖਰੜ ਤੋਂ ਹੁੰਦਾ ਹੋਇਆ ਇਤਿਹਾਸਕ ਮੈਦਾਨ ਚੱਪੜਚਿੜੀ ਪਹੁੰਚੇਗਾ। ਸਰਹਿੰਦ ਪੁੱਜ ਕੇ ਫ਼ਤਹਿ ਮਾਰਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਭੇਟ ਕਰੇਗਾ ਅਤੇ ਸ਼ਾਮ ਨੂੰ ਫ਼ਤਹਿ ਦਾ ਝੰਡਾ ਲਹਿਰਾਇਆ ਜਾਵੇਗਾ। ਇਸ ਮੌਕੇ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਪ੍ਰੀਤਮ ਸਿੰਘ ਕੈਨੇਡਾ, ਬਿੰਦਰ ਸਿੰਘ ਕੈਨੇਡਾ, ਕਰਨਲ ਐੱਚ ਐੱਸ ਕਾਹਲੋਂ, ਮਾਨ ਸਿੰਘ ਗਰਚਾ ਤੇ ਨਰੇਸ਼ ਬਾਵਾ ਵੀ ਹਾਜ਼ਰ ਸਨ।