ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਕਤੂਬਰ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਲੁਧਿਆਣਾ ਵਿਖੇ ਕਿਸਾਨਾਂ ਵੱਲੋਂ ਲਾਏ ਰੋਸ ਧਰਨੇ ਵਿੱਚ ਗਾਇਕ ਕੰਵਰ ਗਰੇਵਾਲ ਸਮੇਤ ਹੋਰ ਕਈ ਕਲਾਕਾਰਾਂ ਅਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਗਾਇਕ ਗਰੇਵਾਲ ਨੇ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਮੁਸਲਿਮ, ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਏਕਤਾਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬਣਾਈ ਰੱਖਣ ਦਾ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਵਿਦਿਆਰਥੀ ਆਗੂ ਪ੍ਰਭਨੂਰ ਕੌਰ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅੰਨ੍ਹ ਦੇ ਭੰਡਾਰ ਭਰ ਦਿੱਤੇ ਪਰ ਦੂਜੇ ਪਾਸੇ ਸੂਬੇ ਨੂੰ ਇਸ ਦੇ ਬਦਲੇ ਕੈਂਸਰ ਅਤੇ ਹੋਰ ਅਜਿਹੀਆਂ ਭੈੜੀਆਂ ਬਿਮਾਰੀਆਂ ਮਿਲੀਆਂ। ਹੁਣ ਕਿਸਾਨ ਵਿਰੋਧੀ ਨੀਤੀਆਂ ਨੇ ਕਿਸਾਨਾਂ ਦੇ ਦਰਦ ਨੂੰ ਹੋਰ ਵਧਾ ਦਿੱਤਾ ਹੈ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਲੁਧਿਆਣਾ-ਫਿਰੋਜ਼ਪੁਰ ਮਾਰਗ ਤੇ ਚੌਂਕੀਮਾਨ ਟੌਲ ਉੱਪਰ ਇਲਾਕੇ ਭਰ ਦੇ ਕਿਸਾਨਾਂ ਨੇ ਵਿਸ਼ਾਲ ਧਰਨਾ ਦਿੰਦਿਆਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਧਰਨੇ ਦੀ ਰੌਣਕ ਉਦੋਂ ਚਾਰ ਗੁੱਣਾਂ ਵਧ ਗਈ ਜਦੋਂ ਲੋਕ ਗਾਇਕ ਬਿੱਟੂ ਖੰਨੇ ਵਾਲਾ, ਮੱਟ ਸੇਰੋਂਵਾਲਾ, ਹਰਿੰਦਰ ਜੰਮੂ, ਜਸਪਾਲ ਮਾਨ ਗੁੱੜਿਆਂ ਵਾਲਾ, ਲਖਵੀਰ ਸਿੱਧੂ ਅਤੇ ਸੁਰਿੰਦਰ ਮਾਨ ਨੇ ਆ ਕੇ ਸਟੇਜ਼ ਸੰਭਾਲ ਲਈ ਕਲਾਕਾਰਾਂ ਨੇ ਧਰਨੇ ’ਤੇ ਡਟੇ ਕਿਸਾਨ, ਮਜ਼ਦੂਰਾਂ ਨੂੰ ਮੁਖਾਤਬਿ ਹੁੰਦਿਆਂ ਆਖਿਆ ਕਿ ਉਹ ਕਿਰਤੀਆਂ, ਜੱਟਾਂ, ਸੀਰੀਆਂ ਦੇ ਦਰਦਾਂ ਨੂੰ ਭਲੀਭਾਂਤ ਜਾਣਦੇ ਅਤੇ ਸਮਝਦੇ ਹਨ। ਉਨ੍ਹਾਂ ਆਖਿਆ ਕਿ ਹੁਣ ਵੇਲਾ ਆ ਗਿਆ ਹੈ ਮੌਕਾਪ੍ਰਸਤ ਸਿਆਸੀ ਧਿਰਾਂ ਦਾ ਖਹਿੜਾ ਛੱਡਣ ਅਤੇ ਕਿਸਾਨ, ਮਜ਼ਦੂਰਾਂ ਵੱਲੋਂ ਸ਼ੁਰੂ ਕੀਤੀ ਲੋਕ ਲਹਿਰ ਦਾ ਹਿੱਸਾ ਬਣ ਆਪਣਿਆ ਦੇ ਦਰਦਾਂ ਨੂ ਸਮਝਣ ਅਤੇ ਹੱਲ ਕਰਾਉਣ ਦਾ। ਹਰਮਨ ਪਿਆਰ ਗਾਇਕਾਂ ਨੇ ਗੀਤਾਂ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਦੀ ਸਾਂਝ ਪਾਉਦਿਆਂ ਮੋਦੀ ਨੂੰ ਲਾਹਣਤਾਂ ਪਾਈਆਂ। ਲੋਕਾਂ ਨੇ ਤਾੜੀਆਂ ਦੀ ਗੜ੍ਹ-ਗੜ੍ਹਾਹਟ ’ਚ ਗਾਇਕਾਂ ਦੀ ਹਾਜ਼ਰੀ ਪ੍ਰਵਾਨ ਕੀਤੀ।
ਧਰਨੇ ਨੂੰ ਸੁਖਵਿੰਦਰ ਹੰਭੜਾਂ, ਜੋਗਿੰਦਰ ਬਜੁਰਗ, ਬਲਰਾਜ਼ ਕੋਟਉਮਰਾ, ਬਲਵਿੰਦਰ ਕੋਠੇਪੋਨਾ, ਕੰਵਲਜੀਤ ਖੰਨਾ ਨੇ ਸੰਬੋਧਨ ਕੀਤਾ ਅਤੇ ਕਿਰਤੀਆਂ ਨੂੰ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਰਿਲਾਇੰਸ ਪੰਪ ਅਲੀਗੜ੍ਹ ਤੇ ਲੱਗਣ ਵਾਲਾ ਧਰਨਾ ਵੀ 18 ਵੇਂ ਦਿਨ ’ਚ ਦਾਖ਼ਲ ਹੋਇਆ ਅਤੇ ਨੌਜਵਾਨਾਂ ਨੇ ਇਸ ਧਰਨੇ ਦੀ ਕਮਾਂਡ ਸੰਭਾਲੀ। ਰੇਲਵੇ ਸਟੇਸ਼ਨ ਧਰਨੇ ’ਚ ਵੀ ਦਰਜ਼ਨ ਦੇ ਕਰੀਬ ਪਿੰਡਾਂ ’ਚੋਂ ਆਪਣੇ ਹੱਕਾਂ ਦੀ ਲੜਾਈ ’ਚ ਵੱਡੀ ਗਿਣਤੀ ’ਚ ਕਿਰਤੀ ਲੋਕ ਪਰਿਵਾਰਾਂ ਸਮੇਤ ਹਾਜ਼ਰ ਹੋਏ।
ਰਾਏਕੋਟ( ਰਾਮ ਗੋਪਾਲ ਰਾਏਕੋਟੀ): ਅੱਜ ਸਥਾਨਕ ਸਰਦਾਰ ਹਰੀ ਸਿੰਘ ਨਲੂਆ ਚੌਕ ਵਿੱਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ਤਲਵੰਡੀ ਦੀ ਅਗਵਾਈ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਅਮਰ ਸਿੰਘ ਤਲਵੰਡੀ ਨੇ ਕਿਹਾ ਕਿ ਦੇਸ਼ ਹਿੱਤ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੇਤੀ ਕਾਨੂੰਨ ਸਬੰਧੀ ਸਭ ਧਿਰਾਂ ਨੂੰ ਨਾਲ ਲੈ ਕੇ ਵਿਆਪਕ ਚਰਚਾ ਕਰਕੇ ਪਾਸ ਕੀਤੇ ਕਾਨੂੰਨਾਂ ’ਚ ਜ਼ਰੂਰੀ ਸੋਧ ਕਰੇ। ਉਨ੍ਹਾਂ ਕਿਹਾ ਕਿ ਜੇ ਦੇਸ਼ ਦਾ ਕਿਸਾਨ ਹੀ ਤਬਾਹ ਹੋ ਗਿਆ ਤਾਂ ਦੇਸ਼ ’ਚ ਬਚੇਗਾ ਕੀ? ਉਨ੍ਹਾਂ ਕਿਹਾ ਜੇਕਰ ਮੋਦੀ ਸਰਕਾਰ ਨੇ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਹੋਰ ਤੇਜ਼ ਕਰਨਗੀਆਂ। ਇਸ ਮੌਕੇ ਬਲਾਕ ਪ੍ਰਧਾਨ ਗੁਰਜੀਤ ਸਿੰਘ, ਚਮਕੌਰ ਸਿੰਘ ਸ਼ੀਲੋਆਣੀ, ਸੁਖਵਿੰਦਰ ਸਿੰਘ, ਜੁਗਰਾਜ ਸਿੰਘ, ਕਾਲਾ ਢੈਪਈ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਤਾਜਪੁਰ, ਰਣਜੀਤ ਸਿੰਘ ਰਾਜੋਆਣਾ, ਬਲਵਿੰਦਰ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।
ਖੇਤੀ ਕਾਨੂੰਨ ਕਾਂਗਰਸ ਅਤੇ ਅਕਾਲੀ ਦਲ ਦੀ ਦੇਣ: ਗਰੇਵਾਲ
ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਇਥੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਤੇ ਇੰਚਾਰਜ ਜੰਮੂ ਕਸ਼ਮੀਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਕਿਸਾਨ ਜਿਹੜੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਉਹ ਤਾਂ ਪੰਜਾਬ ਅੰਦਰ ਪਹਿਲਾਂ ਤੋਂ ਹੀ ਲਾਗੂ ਹਨ, ਜਿਨ੍ਹਾਂ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਪੰਜਾਬ ਵਿੱਚ ਲਾਗੂ ਕਰ ਚੁੱਕਾ ਹੈ। ਅੱਜ ਇੱਥੇ ਗੱਲਬਾਤ ਦੌਰਾਨ ਸ੍ਰੀ ਗਰੇਵਾਲ ਨੇ ਦੱਸਿਆ ਕਿ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਐਕਟ ਪਾਸ ਕਰਕੇ ਪ੍ਰਾਈਵੇਟ ਮੰਡੀਆਂ ਦਾ ਰਸਤਾ ਖੋਲ੍ਹਿਆ ਸੀ। ਜਿਸ ਤਹਿਤ ਕੋਈ ਵੀ ਵਿਅਕਤੀ, ਕੰਪਨੀ ਅਤੇ ਗਰੁੱਪ ਪ੍ਰਾਈਵੇਟ ਮੰਡੀ ਖੋਲ੍ਹ ਸਕਦਾ ਹੈ। ਇਸ ਨੂੰ ਪੰਜਾਬ ਵਿੱਚ ਲਾਗੂ ਹੋਇਆ 16 ਸਾਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਪ੍ਰਕਾਸ਼ ਬਾਦਲ ਦੀ ਸਰਕਾਰ ਨੇ ਪੰਜਾਬ ਕੰਟਰੈਕਟ ਫਾਰਮਿੰਗ ਐਕਟ ਪਾਸ ਕੀਤਾ ਤੇ ਹੁਣ ਕੇਂਦਰ ਦੀ ਸਰਕਾਰ ਨੇ ਲਾਗੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੜਕਾਂ ਜਾਮ ਕਰ ਦੇਣੀਆਂ ਜਾਂ ਰੇਲ ਗੱਡੀਆਂ ਦਾ ਚੱਕਾ ਜਾਮ ਕਰ ਦੇਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।