ਗਗਨਦੀਪ ਅਰੋੜਾ
ਲੁਧਿਆਣਾ, 31 ਜਨਵਰੀ
ਇਥੋਂ ਚੋਣ ਲੜਨ ਲਈ ਅੱਜ ਕਈ ਵੱਡੇ ਵੱਡੇ ਆਗੂਆਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਆਗੂਆਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਵੱਖ-ਵੱਖ ਤਰੀਕੇ ਵਰਤੇ। ਆਮ ਆਦਮੀ ਪਾਰਟੀ ਦੇ 4 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਗੁਰਪ੍ਰੀਤ ਸਿੰਘ ਗੋਗੀ ਆਪਣੇ ਪ੍ਰਿਆ ਸਕੂਟਰ ’ਤੇ ਸਵਾਰ ਹੋ ਕੇ ਆਏ, ਇਹੀ ਨਹੀਂ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਬਾਹਰ ਝਾੜੂ ਵੀ ਲਾਇਆ ਗਿਆ। ਇਸ ਤੋਂ ਇਲਾਵਾ ਸਾਬਕਾ ਆਈਏਐਸ ਅਧਿਕਾਰੀ ਤੇ ਦੂਸਰੀ ਵਾਰ ਵਿਧਾਇਕ ਦੀ ਚੋਣ ਲੜ ਰਹੇ ਕੁਲਦੀਪ ਸਿੰਘ ਵੈਦ ਈ ਰਿਕਸ਼ੇ ’ਤੇ ਸਵਾਰ ਹੋ ਕੇ ਆਏ। ਉਧਰ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਭਾਜਪਾ ਤੋਂ ਬਿਕਰਮ ਸਿੰਘ ਸਿੱਧੂ, ਜਗਮੋਹਨ ਸ਼ਰਮਾ, ਪ੍ਰੇਮ ਮਿੱਤਲ ਸਮੇਤ ਹੋਰ ਆਗੂਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਗੁਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਪ੍ਰਵੀਨ ਬਾਸੀ ਨੇ ਉਨ੍ਹਾਂ ਨੂੰ ਇਹ ਸਕੂਟਰ ਲੈ ਕੇ ਦਿੱਤਾ ਸੀ ਜੋ ਲੱਕੀ ਹੈ। ਉਹ ਆਪਣੀ ਪਤਨੀ ਨਾਲ ਸਕੂਟਰ ’ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਦੋਹਾਂ ਦੇ ਹੱਥਾਂ ’ਚ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਸੀ, ਇਸੇ ਝਾੜੂ ਨਾਲ ਗੋਗੀ ਨੇ ਡੀਸੀ ਦਫ਼ਤਰ ਦੇ ਵਰਾਂਡੇ ’ਚ ਸਫ਼ਾਈ ਵੀ ਕੀਤੀ ਤੇ ਕਿਹਾ ਕਿ ਇਹੀ ਝਾੜੂ ਪੰਜਾਬ ਦੇ ਬੇਈਮਾਨ ਆਗੂ ਖਤਮ ਕਰ ਦੇਵੇਗਾ।
ਵਿਧਾਨ ਸਭਾ ਹਲਕਾ ਗਿੱਲ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਹਰ ਸਾਲ 10 ਲੱਖ ਦਾ ਟੈਕਸ ਅਦਾ ਕਰਦੇ ਹਨ, ਪਰ ਉਹ ਵੀ ਇਲੈਕਟ੍ਰਿਕ ਰਿਕਸ਼ੇ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਹੱਦ ਨਜ਼ਦੀਕੀ ਵਿਧਾਇਕ ਵੈਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਕਿ ਉਹ ਆਦਮੀ ਵਾਂਗ ਲੋਕਾਂ ’ਚ ਜਾਣ। ਉਹ ਆਸਪਾਸ ਦੇ ਪਿੰਡਾਂ ’ਚ ਇਸੇ ’ਤੇ ਸਵਾਰ ਹੋ ਕੇ ਜਾਂਦੇ ਹਨ ਤੇ ਲੋਕਾਂ ਨੂੰ ਮਿਲਦੇ ਹਨ। ਡਿਪਟੀ ਕਮਿਸ਼ਨਰ ਰਹਿੰਦੇ ਹੋਏ ਅਤੇ ਵਿਧਾਇਕ ਬਣਨ ਤੋਂ ਬਾਅਦ ਵੀ ਉਹ ਇਸੇ ਸਾਦਗੀ ਨਾਲ ਲੋਕਾਂ ਨੂੰ ਮਿਲਦੇ ਰਹੇ ਹਨ ਤੇ ਉਨ੍ਹਾਂ ਨੂੰ ਅਜਿਹਾ ਕਰਨਾ ਚੰਗਾ ਲੱਗਦਾ ਹੈ।
ਜਥੇਦਾਰ ਗਾਬੜੀਆ ਵੱਲੋਂ ਨਾਮਜ਼ਦਗੀ ਪੱਤਰ ਦਾਖਲ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜੀਆ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਕੁਮਾਰ ਪੰਚਾਲ ਅੱਗੇ ਦਾਖਲ ਕੀਤੇ ਗਏ। ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਸ ਵਾਰ ਵੋਟਰ ਕਿਸੇ ਵੀ ਝਾਂਸੇ ਵਿੱਚ ਆਉਣ ਦੀ ਜਗ੍ਹਾਂ ਅਕਾਲੀ-ਬਸਪਾ ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬ ਅੰਦਰ ਬਹੁਤ ਵੱਡਾ ਬਦਲਾਅ ਲਿਆਉਣਗੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਤੋਂ ਹਲਕਾ ਦੱਖਣੀ ਦੇ ਲੋਕ ਇਲਾਕੇ ਦੇ ਵਿਕਾਸ ਦੀ ਰਾਹ ਦੇਖਦੇ-ਦੇਖਦੇ ਥੱਕ ਚੁੱਕੇ ਹਨ ਤੇ ਹੁਣ ਇਸ ਖੇਤਰ ਦਾ ਅਕਾਲੀ ਦਲ ਵਿਕਾਸ ਕਰਵਾਏਗਾ।