ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 22 ਜੂਨ
ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਲੰਮਾ ਜੱਟਪੁਰਾ ਦੇ ਗੁਰਦੁਆਰਾ ਦਮਦਮਾ ਸਾਹਿਬ ਦੀ ਇਮਾਰਤ ਦੇ ਪਸਾਰ ਕੰਮ ਦੌਰਾਨ ਬ੍ਰਿਟਿਸ਼ ਰਾਜ ਵੇਲੇ ਦੇ ਚਾਂਦੀ ਅਤੇ ਸੋਨੇ ਦੇ ਸਿੱਕੇ ਮਿਲਣ ਤੋਂ ਬਾਅਦ ਪ੍ਰਬੰਧਕੀ ਕਮੇਟੀ ਨੇ ਇਨ੍ਹਾਂ ਸਿੱਕਿਆਂ ਨੂੰ ਆਮ ਸੰਗਤ ਦੇ ਦੇਖਣ ਲਈ ਰੱਖਣ ਦਾ ਫ਼ੈਸਲਾ ਲਿਆ ਹੈ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਅਤੇ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਗੁਰੂਘਰ ਦੇ ਨਵੇਂ ਬਰਾਂਡੇ ਦੀ ਉਸਾਰੀ ਲਈ ਨੀਂਹ ਪੁੱਟੀ ਜਾ ਰਹੀ ਸੀ ਤਾਂ ਮਜ਼ਦੂਰਾਂ ਨੂੰ ਉਸ ਵਿੱਚੋਂ ਇੱਕ ਜ਼ਮੀਨ ਵਿੱਚ ਦੱਬਿਆ ਹੋਇਆ ਘੜਾ ਮਿਲਿਆ ਸੀ ਜਿਸ ਵਿੱਚ ਚਾਂਦੀ ਸਿੱਕੇ ਮਿਲੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦਾਅਵਾ ਕੀਤਾ ਕਿ ਉਕਤ ਸਿੱਕਿਆਂ ਵਿੱਚੋਂ ਇੱਕ ਸੋਨੇ ਦਾ ਹੈ। ਇਹ ਸਿੱਕੇ 18ਵੀਂ ਸਦੀ ਦੇ ਲੱਗਦੇ ਹਨ ਜਿਨ੍ਹਾਂ ’ਤੇ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਹੈ। ਭਾਈ ਗਰੇਵਾਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਦਾ ਪੁਰਾਤਤਵ ਵਿਭਾਗ ਜਾਂ ਕੋਈ ਹੋਰ ਖੋਜ ਸੰਸਥਾ ਇਸ ਬਾਰੇ ਕੋਈ ਅਧਿਐਨ ਕਰਨਾ ਚਾਹੇ ਜਾਂ ਕੋਈ ਮਸ਼ਵਰਾ ਦੇਣਾ ਚਾਹੇ ਤਾਂ ਉਸ ਨੂੰ ਸਹਿਯੋਗ ਦਿੱਤਾ ਜਾਵੇਗਾ।
ਇਸ ਸਬੰਧੀ ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਉਹ ਬਹੁਤ ਜਲਦੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਉਣਗੇ ਅਤੇ ਪ੍ਰਬੰਧਕ ਕਮੇਟੀ ਨੂੰ ਪ੍ਰਸ਼ਾਸਨ ਤੋਂ ਜਿਸ ਵੀ ਤਰ੍ਹਾਂ ਦੇ ਵੀ ਸਹਿਯੋਗ ਦੀ ਲੋੜ ਹੋਵੇਗੀ ਉਹ ਦੇਣਾ ਯਕੀਨੀ ਬਣਾਉਣਗੇ।
ਲੰਮਾ ਜੱਟਪੁਰਾ ਵਿੱਚ ਠਹਿਰੇ ਸਨ ਦਸਮੇਸ਼ ਪਿਤਾ
ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਦੀ ਜੰਗ ਮਗਰੋਂ ਮਾਛੀਵਾੜੇ ਦੇ ਜੰਗਲਾਂ ਚੋਂ ਹੁੰਦੇ ਹੋਏ, ਉੱਚ ਦੇ ਪੀਰ ਬਣ ਕੇ ਪਿੰਡ ਹੇਰਾਂ ਪਹੁੰਚੇ ਸਨ ਜਿੱਥੇ ਡੇਰੇ ਦੇ ਮਹੰਤ ਕ੍ਰਿਪਾਲ ਦਾਸ ਨੇ ਗੁਰੂ ਜੀ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਉਪਰੰਤ ਗੁਰੂ ਜੀ ਪਿੰਡ ਲੰਮਾ ਜੱਟਪੁਰਾ ਵਿਖੇ 21 ਦਿਨ ਰਹੇ ਸਨ। ਇਸ ਥਾਂ ’ਤੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਜੱਟਪੁਰਾ ਸਥਿਤ ਹੈ ਅਤੇ ਉੱਥੋਂ ਹੀ ਸਿੱਕਿਆਂ ਵਾਲਾ ਘੜਾ ਮਿਲਿਆ ਹੈ।