ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਮਾਰਚ
ਸਿੱਖ ਵਾਤਾਵਰਨ ਦਿਵਸ ਅਤੇ ਅੰਤਰਰਾਸ਼ਟਰੀ ਦਰਿਆ ਬਚਾਓ ਦਿਵਸ ਦੇ ਮੌਕੇ ਕੁਦਰਤ ਪ੍ਰੇਮੀ, ਵਾਤਾਵਰਨ ਕਾਰਕੁਨ ਅਤੇ ਗੌਂਸਪੁਰ, ਮਣੀਏਵਾਲ ਅਤੇ ਵਲੀਪੁਰ ਦੇ ਵਸਨੀਕ ਅੱਜ ਇੱਥੇ ਸਤਲੁਜ ਅਤੇ ਬੁੱਢਾ ਦਰਿਆ ਦੀ ਬਿਹਤਰੀ ਲਈ ਅਰਦਾਸ ਕਰਨ ਲਈ ਇਕੱਠੇ ਹੋਏ। 14 ਮਾਰਚ ਸਿੱਖ ਵਾਤਾਵਰਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਹ ਦਿਨ ਸੱਤਵੇਂ ਸਿੱਖ ਗੁਰੂ ਹਰਿ ਰਾਇ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਯਾਦ ਕਰਦਿਆਂ, ਕੁਦਰਤ ਨੂੰ ਮਨਾਉਣ ਅਤੇ ਵਾਤਾਵਰਨ ਦੇ ਅਨੁਕੂਲ ਹੋਣ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਅਤੇ ਨਰੋਆ ਪੰਜਾਬ ਮੰਚ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਪਾਣੀ ਜ਼ਿੰਦਗੀ ਦੀ ਸਭ ਤੋਂ ਬੁਨਿਆਦੀ ਲੋੜ ਹੈ, ਜਿਸ ਤੋਂ ਬਿਨਾਂ ਇਹ ਜੀਵਨ ਸੰਭਵ ਨਹੀਂ। ਇਥੋਂ ਦੇ ਪਿੰਡ ਬੁੱਢੇ ਦਰਿਆ ਦੇ ਪ੍ਰਦੂਸ਼ਣ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਜਿਸ ਨੇ ਉਨ੍ਹਾਂ ਦੇ ਧਰਤੀ ਹੇਠਲੇ ਪਾਣੀ ਵੀ ਬੁਰੀ ਤਰ੍ਹਾਂ ਖਰਾਬ ਕੀਤੇ ਹਨ। ਸਰਕਾਰ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਕਥਿਤ ਤੌਰ ’ਤੇ ਨਜ਼ਰਅੰਦਾਜ਼ ਕਰਦੀ ਆ ਰਹੀ ਹੈ ਅਤੇ ਹੁਣ ਇਹ ਸਮੇ ਦੀ ਮੰਗ ਹੈ ਕਿ ਲੋਕਾਂ ਨੂੰ ਇਸ ਭਿਆਨਕ ਸਥਿਤੀ ਦੇ ਵਿਰੁੱਧ ਜ਼ੋਰਦਾਰ ਢੰਗ ਨਾਲ ਬੋਲਣਾ ਚਾਹੀਦਾ ਹੈ। ਨਰੋਆ ਪੰਜਾਬ ਮੰਚ ਤੋਂ ਜਸਕੀਰਤ ਸਿੰਘ ਨੇ ਕਿਹਾ ਕਿ ਬੁੱਢੇ ਨਾਲੇ ਦਾ ਸਤਲੁਜ ਦਰਿਆ ਵਿੱਚ ਪ੍ਰਦੂਸ਼ਣ ਨਾ ਸਿਰਫ ਵਾਤਾਵਰਨ ਦੀ ਤਬਾਹੀ ਹੈ, ਬਲਕਿ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੈ, ਕਿਉਂਕਿ ਸਾਡਾ ਸੰਵਿਧਾਨ ਤੰਦਰੁਸਤ ਅਤੇ ਮਾਣਯੋਗ ਜੀਵਨ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ। ਸਮੁੱਚੇ ਲੁਧਿਆਣੇ ਦਾ ਘਰੇਲੂ ਸੀਵਰੇਜ ਅਤੇ ਸਨਅਤੀ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਡਿਗਦਾ ਹੈ ਅਤੇ ਇੱਥੇ ਆ ਕੇ ਸਤਲੁਜ ਨਾਲ ਰਲ ਜਾਂਦਾ ਹੈ। ਅੱਗੇ ਹਰੀਕੇ ਝੀਲ ਵਿੱਚ ਪਹੁੰਚ ਜਾਂਦਾ ਹੈ ਜਿੱਥੋਂ ਇਹ ਨਹਿਰੀ ਪਾਣੀ ਸਪਲਾਈ ਪ੍ਰਣਾਲੀ ਰਾਹੀਂ ਪੀਣ ਵਾਲਾ ਪਾਣੀ ਬਣ ਕੇ ਲੱਖਾਂ ਘਰਾਂ ਦੀਆਂ ਟੂਟੀਆਂ ਵਿਚੋਂ ਨਿਕਲਦਾ ਹੈ। ਇਹ ਵਿਸ਼ਵਾਸ ਯੋਗ ਨਹੀਂ ਹੈ ਪਰ ਸੱਚ ਹੈ। ਇਸ ਦੇ ਦੱਖਣੀ ਪੰਜਾਬ ਅਤੇ ਰਾਜਸਥਾਨ ਦੇ ਉਹਨਾਂ ਸਾਰੇ ਇਲਾਕਿਆਂ ਵਿੱਚ ਬਿਮਾਰੀ ਦਾ ਕਾਰਨ ਬਣਨ ਬਾਰੇ ਖੋਜ ਅਤੇ ਅਧਿਐਨ ਕੀਤੇ ਜਾਣੇ ਚਾਹੀਦੇ ਹਨ ਜਿੱਥੇ ਵੀ ਇਸ ਨੂੰ ਪੀਤਾ ਜਾਂਦਾ ਹੈ। ਚੰਗਾ ਹੋਵੇ ਜੇ ਸਰਕਾਰਾਂ ਦਰਿਆਵਾਂ ਅਤੇ ਉਨ੍ਹਾਂ ’ਤੇ ਨਿਰਭਰ ਵਾਤਾਵਰਨ ਪ੍ਰਣਾਲੀ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇਣ।
ਸਿੱਖ ਅਲਾਇੰਸ ਦੇ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ ਅੱਜ ਸੀਵਰੇਜ ਤੇ ਗੰਦਗੀ ਨਾਲ ਕਾਲੇ ਹੋਏ ਪਾਣੀ ਜੋ ਜ਼ਿੰਦਗੀ ਵੰਡਣ ਦੀ ਥਾਂ ਬਿਮਾਰੀਆਂ ਵੰਡ ਰਹੇ ਹਨ ਬਹੁਤ ਹੀ ਮੰਦਭਾਗਾ ਹੈ। ਈਕੋਸਿੱਖ ਦੇ ਰਵਨੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਲੋੜੀਂਦੀਆਂ ਐੱਸਟੀਪੀ ਅਤੇ ਸੀਈਟੀਪੀ ਬਣਾਉਣ ਅਤੇ ਵਧੀਆ ਢੰਗ ਨਾਲ ਚਲਾਉਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਇਸ ਮੌਕੇ ਕੁਲਦੀਪ ਸਿੰਘ ਖਹਿਰਾ, ਸੁਖਵਿੰਦਰ ਸਿੰਘ ਬੱਬੂ ਸਟੇਟ ਕਮੇਟੀ ਮੈਂਬਰ ਨਰੋਆ ਪੰਜਾਬ ਮੰਚ, ਰਾਜਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਕੋਟਕਪੂਰਾ ਯੂਨਾਈਟਿਡ ਸੋਸ਼ਲ ਆਰਗੇਨਾਈਜੇਸ਼ਨ, ਜਸਪਿੰਦਰ ਸਿੰਘ ਕੋਟਕਪੂਰਾ ਹਾਜ਼ਰ ਸਨ।