ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਅਕਤੂਬਰ
ਇਥੇ ਭਾਜਪਾ ਦੀ ਚੱਲ ਰਹੀ ਮੀਟਿੰਗ ਦੀ ਭਿਣਕ ਪੈਂਦਿਆਂ ਹੀ ਕਿਸਾਨ ਮੋਰਚੇ ਨੇ ਭਾਜਪਾ ਆਗੂਆਂ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ। ਕਿਸਾਨਾਂ ਨੇ ਮੀਟਿੰਗ ਵਾਲੀ ਥਾਂ ’ਤੇ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਭਾਜਪਾ ਆਗੂਆਂ ਵਾਲੇ ਬੈਨਰ ਕਬਜ਼ੇ ’ਚ ਲੈਣ ਮਗਰੋਂ ਪਾੜ ਦਿੱਤੇ। ਭਾਜਪਾ ਦੀ ਇਹ ਮੀਟਿੰਗ ਡਿਸਪੋਜ਼ਲ ਰੋਡ ’ਤੇ ਚੱਲ ਰਹੀ ਸੀ, ਜਿਸ ਵਿੱਚ ਵੱਡੀ ਗਿਣਤੀ ਕਿਸਾਨ ਤੇ ਮਜ਼ਦੂਰ ਕਿਸਾਨੀ ਝੰਡਿਆਂ ਸਮੇਤ ਪੁੱਜ ਗਏ। ਬੀਕੇਯੂ ਏਕਤਾ (ਡਕੌਂਦਾ) ਦੇ ਇੰਦਰਜੀਤ ਸਿੰਘ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਸ ਦੌਰਾਨ ਮੌਕਾ ਤਾੜ ਕੇ ਭਾਜਪਾ ਆਗੂ ਪਿਛਲੇ ਦਰਵਾਜ਼ੇ ਤੋਂ ਖਿਸਕਣ ਵਿੱਚ ਸਫ਼ਲ ਹੋ ਗਏ। ਕਿਸਾਨਾਂ ਮਜ਼ਦੂਰਾਂ ਨੇ ਧਾਰਮਿਕ ਸਥਾਨ ’ਤੇ ਲੱਗੀਆਂ ਭਾਜਪਾ ਦੀਆਂ ਫਲੈਕਸਾਂ ਲਾਹ ਕੇ ਪਾੜ ਦਿੱਤੀਆਂ। ਵੱਖ-ਵੱਖ ਪਿੰਡਾਂ ਤੋਂ ਦਸ ਮਿੰਟ ਦੇ ਨੋਟਿਸ ’ਤੇ ਪਹੁੰਚੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਸਿੱਧਵਾਂ ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਮੁਤਾਬਕ ਭਾਜਪਾ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਈ ਸਮਾਗਮ, ਮੀਟਿੰਗ ਅਤੇ ਰੈਲੀ ਨਹੀਂ ਕਰ ਦਿੱਤੀ ਜਾਵੇਗੀ। ਉਨ੍ਹਾਂ ਇਸ ਧਾਰਮਿਕ ਸਥਾਨ ਦੀ ਪ੍ਰਬੰਧਕ ਕਮੇਟੀ ਨੂੰ ਵੀ ਚਿਤਾਵਨੀ ਦਿੱਤੀ ਕਿ ਭਵਿੱਖ ’ਚ ਇਸ ਥਾਂ ’ਤੇ ਕਿਸੇ ਤਰ੍ਹਾਂ ਦੀ ਮੀਟਿੰਗ ਦੀ ਸੂਹ ਮਿਲਣ ’ਤੇ ਮੰਦਰ ਪ੍ਰਧਾਨ ਦੇ ਘਰ ਅਤੇ ਦੁਕਾਨ ਅੱਗੇ ਧਰਨਾ ਦਿੱਤਾ ਜਾਵੇਗਾ। ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਮੋਟਰ ਸਾਈਕਲਾਂ, ਸਕੂਟਰਾਂ, ਗੱਡੀਆਂ ’ਤੇ ਡਿਸਪੋਜ਼ਲ ਰੋਡ, ਸਬਜ਼ੀ ਮੰਡੀ ਰੋਡ, ਲਾਜਪਤ ਰਾਏ ਰੋਡ, ਰੇਲਵੇ ਰੋਡ ਤੋਂ ਹੁੰਦੇ ਹੋਏ ਰੇਲ ਪਾਰਕ ਤੱਕ ਝੋਨੇ ਦੀ ਖਰੀਦ ’ਤੇ ਲਾਈ ਪਾਬੰਦੀ ਖ਼ਿਲਾਫ਼ ਰੋਸ ਮਾਰਚ ਕੀਤਾ ਅਤੇ ਝੋਨੇ ਦੀ ਸੂਬੇ ਭਰ ’ਚ ਖਰੀਦ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪਿੰਡ ਭੰਮੀਪੁਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ। ਉਨ੍ਹਾਂ ‘ਕੈਪਟਨ’ ਦੇ ਇਸ ਕਦਮ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਹੁਣ ਤੱਕ ਇਹ ਆਗੂ ਕਿਸਾਨਾਂ ਤੇ ਜਨਤਕ ਸੰਘਰਸ਼ਾਂ ’ਚ ਸ਼ਾਮਲ ਹੁੰਦਾ ਰਿਹਾ ਪਰ ਅੱਜ ਅਚਾਨਕ ਪਤਾ ਨਹੀਂ ਕਿਉਂ ਤੇ ਕਿਸ ਮਜਬੂਰੀ ’ਚ ਕਿਸਾਨ ਵਿਰੋਧੀ ਪਾਰਟੀ ’ਚ ਸ਼ਾਮਲ ਹੋ ਗਿਆ ਹੈ।
ਪੈਟਰੋਲ ਪੰਪ ’ਤੇ ਲੱਗੇ ਪ੍ਰਧਾਨ ਮੰਤਰੀ ਦੇ ਪੋਸਟਰ ’ਤੇ ਕਾਲਖ ਪੋਚੀ
ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ’ਚ ਚੰਡੀਗੜ੍ਹ ਰੋਡ ਸਥਿਤ ਪੈਟਰੋਲ ਪੰਪ ’ਤੇ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ’ਤੇ ਕਾਲਖ ਪੋਚੀ ਗਈ ਹੈ। ਇਹ ਖ਼ਬਰ ਜਿਵੇਂ ਹੀ ਭਾਜਪਾ ਦੇ ਵਰਕਰਾਂ ਨੂੰ ਮਿਲੀ ਤਾਂ ਉਹ ਪੈਟਰੋਲ ਪੰਪ ’ਤੇ ਪੁੱਜੇ, ਉਨ੍ਹਾਂ ਨੇ ਇਸ ਪੋਸਟਰ ਨੂੰ ਬਦਲ ਦਿੱਤਾ, ਨਾਲ ਹੀ ਭਾਜਪਾ ਵਰਕਰਾਂ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਵੀ ਦਿੱਤੀ। ਦਰਅਸਲ, ਚੰਡੀਗੜ੍ਹ ਰੋਡ ’ਤੇ ਇਹ ਪੈਟਰੋਲ ਪੰਪ ਪਿਛਲੇ ਕੁਝ ਸਮੇਂ ਤੋਂ ਬੰਦ ਪਿਆ ਹੈ, ਇਸ ਲਈ ਇੱਥੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ। ਸੀਸੀਟੀਵੀ ਕੈਮਰੇ ਵੀ ਨਹੀਂ ਚੱਲ ਰਹੇ। ਇਸ ਲਈ ਪਤਾ ਨਹੀਂ ਲੱਗਿਆ ਕਿ ਕਾਲਖ ਕਿਸਨੇ ਪੋਥੀ ਹੈ ਪਰ ਭਾਜਪਾ ਆਗੂ ਅਸ਼ੀਸ਼ ਬੋਨੀ ਦਾ ਕਹਿਣਾ ਹੈ ਕਿ ਜਿਸਨੇ ਵੀ ਇਹ ਕੀਤਾ ਹੈ, ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।