ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਦਸੰਬਰ
ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਨੇ ਮੁੱਕੇਬਾਜ਼ੀ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਕਾਲਜ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਦੱਸਿਆ ਕਿ ਬੀਏ ਭਾਗ ਦੂਜਾ ਦੀ ਵਿਦਿਆਰਥਣ ਰਾਜਨਦੀਪ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ-ਕਾਲਜ ਬਾਕਸਿੰਗ ਟੂਰਨਾਂਮੈਂਟ ’ਚ ਕਾਂਸੀ ਦਾ ਤਗ਼ਮਾ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਚੰਡੀਗੜ੍ਹ ਤੋਂ ਇਹ ਤਗ਼ਮਾ ਹਾਸਿਲ ਕਰ ਕੇ ਮੁੜੀ ਮੁੱਕੇਬਾਜ਼ ਰਾਜਨਦੀਪ ਕੌਰ ਦਾ ਅੱਜ ਕਾਲਜ ’ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਖਿਡਾਰਨ ਰਾਜਨਦੀਪ ਕੌਰ, ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਪਰਮਦੀਪ ਸਿੰਘ ਅਤੇ ਬਾਕਸਿੰਗ ਕੋਚ ਸੁਖਵੰਤ ਸਿੰਘ ਨੂੰ ਉਨ੍ਹਾਂ ਦੀ ਇਸ ਕਾਮਯਾਬੀ ’ਤੇ ਵਧਾਈ ਦਿੱਤੀ ਅਤੇ ਭਵਿੱਖ ’ਚ ਸਖ਼ਤ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।