ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਫਰਵਰੀ
ਸਥਾਨਕ ਪੱਖੋਵਾਲ ਰੋਡ-ਜਵੱਦੀ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਅੱਜ ਬਾਅਦ ਦੁਪਹਿਰ ਡੀਜੇ ’ਤੇ ਚੱਲ ਰਿਹਾ ਗਾਣਾ ਬਦਲਣ ਨੂੰ ਲੈ ਕੇ ਝਗੜੇ ਹੋ ਗਿਆ ਜਿਸ ਦੌਰਾਨ ਗੋਲੀ ਚੱਲੀ ਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।
ਪਤਾ ਲੱਗਾ ਹੈ ਕਿ ਪੱਖੋਵਾਲ ਰੋਡ-ਜਵੱਦੀ ਸਥਿਤ ਮੈਰਿਜ ਪੈਲੇਸ ਵਿੱਚ ਪਿੰਡ ਲਿਤਰਾਂ ਤੋਂ ਇੱਕ ਬਰਾਤ ਆਈ ਸੀ। ਬਾਅਦ ਦੁਪਹਿਰ ਜਦੋਂ ਪਾਰਟੀ ਚੱਲ ਰਹੀ ਸੀ ਤਾਂ ਉੱਥੇ ਡੀਜੇ ’ਤੇ ਕੁੱਝ ਨੌਜਵਾਨ ਨੱਚ ਰਹੇ ਸਨ। ਇਸ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਇੱਕ ਨੌਜਵਾਨ ਨੇ ਡੀਜੇ ’ਤੇ ਕੋਈ ਗਾਣਾ ਬਦਲਣ ਦੀ ਮੰਗ ਕੀਤੀ। ਇਸ ’ਤੇ ਉਸ ਦੀ ਕੁੱਝ ਨੌਜਵਾਨਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਇੱਕ ਨੌਜਵਾਨ ਨੇ ਗੁੱਸੇ ‘ਚ ਆ ਕੇ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚੋਂ ਇੱਕ ਗੋਲੀ ਲੜਕੀ ਪਰਿਵਾਰ ਵੱਲੋਂ ਆਏ ਇੱਕ ਮਹਿਮਾਨ ਦੀ ਛਾਤੀ ਵਿੱਚ ਲੱਗੀ ਅਤੇ ਆਰ ਪਾਰ ਹੋ ਗਈ। ਕੁਝ ਗੋਲੀਆਂ ਪੈਲੇਸ ਦੀ ਛੱਤ ਉੱਪਰ ਵੀ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਜ਼ਖ਼ਮੀ ਨੌਜਵਾਨ ਦੀ ਪਹਿਚਾਣ ਗੁਰਸੇਵਕ ਸਿੰਘ ਉਰਫ਼ ਵਿੱਕੀ ਵਜੋਂ ਕੀਤੀ ਗਈ ਹੈ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੈਰਿਜ ਪੈਲੇਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਇਸ ਦੌਰਾਨ ਗੋਲੀ ਚੱਲਣ ਤੋਂ ਬਾਅਦ ਮੈਰਿਜ ਪੈਲੇਸ ਵਿੱਚ ਭਗਦੜ ਮੱਚ ਗਈ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਸਮੇਤ ਸ਼ਾਦੀ ਵਿੱਚ ਆਏ ਮਹਿਮਾਨ ਪੈਲੇਸ ਤੋਂ ਬਾਹਰ ਆ ਗਏ। ਪੁਲੀਸ ਵੱਲੋਂ ਪੈਲੇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਖ਼ਮੀ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।