ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਦਸੰਬਰ
ਪਿੰਡ ਡੱਲਾ ਤੋਂ ਦੇਹੜਕਾ ਸੜਕ ’ਤੇ ਸ਼ਰਾਬ ਦੇ ਠੇਕੇ ਤੋਂ ਬੀਤੀ ਰਾਤ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ 77 ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਹਠੂਰ ਐੱਸ.ਐੱਚ.ਓ ਜਤਿੰਦਰ ਸਿੰਘ ਅਤੇ ਠੇਕੇ ਦੇ ਮਾਲਕ ਦੀਪਕ ਕੁਮਾਰ ਲੂੰਬਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੇਰ ਰਾਤ ਨੂੰ ਇਲਾਕੇ ’ਚ ਜਿੰਨੇ ਸਾਡੇ ਠੇਕੇ ਹਨ, ਉਨ੍ਹਾਂ ਤੋਂ ਦਿਨ ਭਰ ਦੀ ਹੋਈ ਵਿਕਰੀ ਦੇ ਪੈਸੇ ਇਕੱਠੇ ਕਰਦੇ ਹਾਂ। ਬੀਤੀ ਰਾਤ ਜਦੋਂ ਉਨ੍ਹਾਂ ਨੇ ਠੇਕੇ ਦੀ ਬਰਾਂਚ ਨੰਬਰ ਦੋ ’ਤੇ ਆਪਣੀ ਬਲੈਰੋ ਗੱਡੀ ਰੋਕੀ ਤਾਂ ਉੱਥੇ ਪਹਿਲਾ ਤੋਂ ਹੀ ਤਿਆਰ ਖੜ੍ਹੇ ਦੋ ਨਕਾਬਪੋਸ਼ ਲੁਟੇਰਿਆਂ ਨੇ ਗੱਡੀ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨਕਾਬਪੋਸ਼ਾਂ ਵੱਲੋਂ ਚਲਾਈਆਂ ਗੋਲੀਆਂ ਗੱਡੀ ’ਤੇ ਲੱਗੀਆਂ। ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਤੇ ਲੁਟੇਰੇ ਉਨ੍ਹਾਂ ਕੋਲੋਂ ਰੁਪਇਆਂ ਵਾਲਾ ਬੈਗ ਖੋਹ ਕੇ ਮੋਟਰਸਾਈਕਲ ’ਤੇ ਪਿੰਡ ਡੱਲਾ ਵੱਲ ਨੂੰ ਫਰਾਰ ਹੋ ਗਏ। ਠੇਕੇਦਾਰ ਨੇ ਇਸਦੀ ਸੂਚਨਾ ਪੁਲੀਸ ਥਾਣਾ ਹਠੂਰ ਨੂੰ ਦਿੱਤੀ। ਮੌਕੇ ’ਤੇ ਡੀ.ਐੱਸ.ਪੀ. ਰਾਏਕੋਟ ਤੇ ਥਾਣਾ ਹਠੂਰ ਦੀ ਪੁਲੀਸ ਪਹੁੰਚੀ ਅਤੇ ਕਾਰਵਾਈ ਆਰੰਭੀ। ਪੁਲੀਸ ਥਾਣਾ ਹਠੂਰ ਦੇ ਐੱਸ.ਐੱਚ.ਓ ਜਤਿੰਦਰ ਸਿੰਘ ਕਿਹਾ ਕਿ ਠੇਕੇ ਦੇ ਮਾਲਕ ਦੀਪਕ ਕੁਮਾਰ ਲੂੰਬਾ ਪੁੱਤਰ ਪਵਨ ਕੁਮਾਰ ਵਾਸੀ ਜਗਰਾਉਂ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।