ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਮਈ
ਸਨਅਤੀ ਸਹਿਰ ’ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਲੁਧਿਆਣਾ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲੀਆਂ। ਇਸ ਵਾਰ ਮਾਮਲਾ ਗੁਰੂ ਅਰਜਨ ਦੇਵ ਨਗਰ ਇਲਾਕੇ ਦਾ ਹੈ। ਸੋਮਵਾਰ ਦੀ ਦੇਰ ਰਾਤ ਗੁਰੂ ਅਰਜਨ ਦੇਵ ਨਗਰ ਇਲਾਕੇ ’ਚ ਇੱਕ ਨੌਜਵਾਨ ਨੇ ਰੰਜਿਸ਼ ਦੇ ਚੱਲਦੇ ਕਾਰ ਸਵਾਰ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਸਮਾਂ ਰਹਿੰਦੇ ਨੌਜਵਾਨ ਨੇ ਬਾਂਹ ਅੱਗੇ ਕਰ ਦਿੱਤੀ, ਜਿਸ ਕਾਰਨ ਦੋਵੇਂ ਗੋਲੀਆਂ ਨੌਜਵਾਨ ਦੀ ਬਾਂਹ ’ਤੇ ਲੱਗੀਆਂ। ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਨੇ ਹਿੰਮਤ ਹਾਰੇ ਬਿਨਾਂ ਹੀ ਖੁਦ ਗੱਡੀ ਚਲਾਈ ਤੇ ਸੀਐੱਮਸੀ ਹਸਪਤਾਲ ਪੁੱਜ ਗਿਆ। ਜਿੱਥੇ ਉਸ ਦੀ ਪਛਾਣ ਆਦਰਸ਼ ਨਗਰ ਵਾਸੀ ਕਮਲਜੀਤ ਸਿੰਘ ਵਜੋਂ ਹੋਈ ਹੈ। ਜਿੱਥੋਂ ਉਸ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦਿੱਤੀ ਗਈ ਤਾਂ ਉਹ ਪੁਲੀਸ ਕੋਲ ਗਿਆ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਗੁਰੂ ਅਰਜਨ ਦੇਵ ਨਗਰ ਵਾਸੀ ਗਗਨਦੀਪ ਸਿੰਘ ਉਰਫ਼ ਹੈਪੀ ਦੇ ਖਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਮਲਜੀਤ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਕੋਲਡ ਡਰਿੰਕ ਦਾ ਵਪਾਰ ਹੈ ਤੇ ਉਸ ਦੀ ਸਾਹਨੇਵਾਲ ’ਚ ਫੈਕਟਰੀ ਹੈ। ਦੇਰ ਰਾਤ ਨੂੰ ਉਹ ਆਪਣੀ ਕਾਰ ’ਚ ਸਵਾਰ ਹੋ ਕੇ ਸਾਹਨੇਵਾਲ ਸਥਿਤ ਫੈਕਟਰੀ ਤੋਂ ਆਦਰਸ਼ ਨਗਰ ਆਪਣੇ ਘਰ ਜਾ ਰਿਹਾ ਸੀ। ਭਾਰਤ ਪੈਟਰੋਲੀਅਮ ਦੇ ਪੰਪ ਕੋਲ ਜਦੋਂ ਉਹ ਪੁੱਜਿਆ ਤਾਂ ਪੰਪ ਤੋਂ ਗਗਨਦੀਪ ਸਿੰਘ ਬਾਹਰ ਨਿਕਲ ਰਿਹਾ ਸੀ। ਗਗਨਦੀਪ ਸਿੰਘ ਦੇ ਨਾਲ 2 ਸਾਲ ਪਹਿਲਾਂ ਉਸ ਦੀ ਕੁੱਟਮਾਰ ਹੋਈ ਸੀ ਤੇ ਬਾਅਦ ’ਚ ਲੋਕਾਂ ਵੱਲੋਂ ਵਿੱਚ ਪੈਣ ’ਤੇ ਮਾਮਲਾ ਸ਼ਾਂਤ ਹੋ ਗਿਆ ਸੀ। ਇਸ ਤੋਂ ਬਾਅਦ ਵੀ ਮੁਲਜ਼ਮ ਗਗਨਦੀਪ ਸਿੰਘ ਉਸ ਦੇ ਨਾਲ ਰੰਜਿਸ਼ ਰੱਖਦਾ ਸੀ। ਸੋਮਵਾਰ ਦੀ ਰਾਤ ਨੂੰ ਪੰਪ ਤੋਂ ਬਾਹਰ ਨਿਕਲਦੇ ਸਮੇਂ ਗਗਨਦੀਪ ਨੇ ਆਵਾਜ਼ ਦੇ ਕੇ ਕਮਲਜੀਤ ਨੂੰ ਰੋਕ ਲਿਆ। ਇਸ ਦੌਰਾਨ ਜਦੋਂ ਉਸ ਨੇ ਕੰਡਕਟਰ ਸਾਈਡ ਵਾਲਾ ਸ਼ੀਸ਼ਾ ਖੋਲ੍ਹਿਆ ਤਾਂ ਮੁਲਜ਼ਮ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਮਲਜੀਤ ਨੇ ਸਮਾਂ ਰਹਿੰਦੇ ਹੀ ਬਾਂਹ ਅੱਗੇ ਕਰ ਦਿੱਤੀ, ਜਿਸ ਕਾਰਨ ਗੋਲੀਆਂ ਉਸ ਦੀ ਬਾਂਹ ’ਤੇ ਲੱਗੀਆਂ। ਇਸ ਤੋਂ ਬਾਅਦ ਕਮਲਜੀਤ ਨੇ ਗੱਡੀ ਭਜਾ ਲਈ। ਮੁਲਜ਼ਮ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਮਲਜੀਤ ਗੱਡੀ ਭਜਾਉਣ ’ਚ ਕਾਮਯਾਬ ਹੋ ਗਿਆ ਤੇ ਸਿੱਧਾ ਹਸਪਤਾਲ ਪੁੱਜਿਆ। ਕਮਲਜੀਤ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਵੀ ਕੀਤੀ। ਥਾਣਾ ਡਿਵੀਜ਼ਨ ਨੰ. 7 ਦੀ ਐੱਸਐੱਚਓ ਸਬ ਇੰਸਪੈਕਟਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਹਾਲੇ ਫ਼ਰਾਰ ਹੈ। ਉਸ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।