ਪੱਤਰ ਪ੍ਰੇਰਕ
ਜਗਰਾਉਂ, 26 ਅਕਤੂਬਰ
ਥਾਣਾ ਸ਼ਹਿਰੀ ਪੁਲੀਸ ਨੇ ਲੰਘੀ ਦੇਰ ਰਾਤ ਡੇਢ ਵਜੇ ਦੇ ਕਰੀਬ ਇੱਥੇ ਲੁਧਿਆਣਾ ਮਾਰਗ ’ਤੇ ਚੱਲ ਰਹੇ ਚਿਕਨ ਕਾਰਨਰ ਦੇ ਬਾਹਰ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਦੋ ਧੜਿਆਂ ਵਿੱਚ ਹੋਈ ਗਹਿਗੱਚ ਲੜਾਈ ਅਤੇ ਗੋਲੀਆਂ ਚਲਾਉਣ ਵਾਲਿਆਂ ਖਿਲਾਫ ਚਿਕਨ ਕਾਰਨਰ ਮਾਲਕ ਜਸਪ੍ਰੀਤ ਸਿੰਘ ਜੱਸੀ ਦੇ ਬਿਆਨਾਂ ’ਤੇ 7 ਮੁਲਜ਼ਮਾਂ ਦੀ ਪਛਾਣ ਕਰਦਿਆਂ ਅਤੇ 10 ਦੇ ਕਰੀਬ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਜੱਸੀ ਵਾਸੀ ਪਿੰਡ ਫਤਿਹਗੜ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਡੇਢ ਵਜੇ ਉਨ੍ਹਾਂ ਦੇ ਚਿਕਨ ਕਾਰਨਰ ਦੇ ਬਾਹਰ ਪਹਿਲਵਾਨ ਦੇ ਢਾਬੇ ਵੱਲ ਦੋ ਧੜੇ ਆਪਸ ਵਿੱਚ ਲੜ ਰਹੇ ਸਨ । ਉਹ ਬਾਹਰ ਆ ਕੇ ਲੜਾਈ ਦਾ ਪਤਾ ਕਰਨ ਲੱਗਿਆ ਤਾਂ ਦੋਵਾਂ ਧੜਿਆਂ ਨੇ ਉਸ ਦੇ ਵੱਲ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ । ਕਾਰਨਰ ’ਤੇ ਬੈਠੇ ਗਾਹਕਾਂ ਤੇ ਰੋੜੇ ਚਲਾ ਦਿੱਤੇ । ਸ਼ਿਕਾਇਤਕਰਤਾ ਨੇ ਫਾਇਰ ਕਰਨ ਵਾਲਿਆਂ ਦੀ ਪਛਾਣ ਕਰਦੇ ਹੋਏ ਹਰਮਨ ਵਾਸੀ ਅਮਰਗੜ੍ਹ ਕਲੇਰ, ਮਨਦੀਪ ਸ਼ੇਰਪੁਰ ਚੌਕ, ਸ਼ਿਵਮ ਜਗਰਾਉਂ, ਗੁਲਸ਼ਨ ਕੁਮਾਰ ਸ਼ੇਰੂ, ਖੀਰਾ, ਮੋਨੂ, ਮਿੰਟੂ ਕੋਠੇ ਸ਼ੇਰਜੰਗ ਅਤੇ ਉਨ੍ਹਾਂ ਦੇ 10 ਦੇ ਕਰੀਬ ਅਣਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ । ਡੀਐੱਸਪੀ ਦਲਜੀਤ ਸਿੰਘ ਖੱਖ ਨੇ ਹੁੱਲੜਬਾਜ਼ਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਅਤੇ ਕਨੂੰਨ ਆਪਣੇ ਹੱਥ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਮੁਲਜ਼ਮ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ।