ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਫਰਵਰੀ
ਇਥੋਂ ਦੇ ਲਲਹੇੜੀ ਚੌਕ ਵਿੱਚ ਵੱਖ-ਵੱਖ ਦੁਕਾਨਦਾਰਾਂ ਨੇ ਅਕਾਲੀ ਦਲ-ਬਸਪਾ ਗਠਜੋੜ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਨੂੰ ਲੱਡੂਆਂ ਨਾਲ ਤੋਲਿਆ। ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਰਾਜ ਵਿਚ ਨਰਕ ਬਣੇ ਲਾਈਨੋਂ ਪਾਰ ਇਲਾਕੇ ਨੂੰ ਮਾਡਰਨ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਥੋਂ ਦੇ ਨੇੜਲੇ ਪਿੰਡ ਮਾਜਰੀ ਦੇ 12 ਤੋਂ ਵਧੇਰੇ ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ, ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋ ਗਏ। ਇਸ ਮੌਕੇ ਜਸਦੀਪ ਕੌਰ ਯਾਦੂ ਨੇ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦਾ ਸਿਰੋਪਾਓ ਪਾ ਕੇ ਸਵਾਗਤ ਕਰਦਿਆਂ ਕਿਹਾ ਕਿ ਹਲਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਗਠਜੋੜ ਦੀ ਸਰਕਾਰ ਬਣਦੇ ਹੀ ਹਲਕੇ ਦੇ ਲੋਕਾਂ ਨੂੰ ਬਿਨਾਂ ਭੇਦਭਾਵ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਖੰਨਾ ਨੂੰ ਮਾਡਲ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਸਤਵੀਰ ਸਿੰਘ, ਵਿਨੋਦ ਕੁਮਾਰ, ਜਸਪ੍ਰੀਤ ਸਿੰਘ, ਨੰਦ ਕਿਸ਼ੋਰ, ਪਰਮਜੀਤ ਸਿੰਘ, ਰਾਜਿੰਦਰ ਸਿੰਘ ਜੀਤ ਆਦਿ ਹਾਜ਼ਰ ਸਨ।