ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ
ਬਾਬਾ ਥਾਨ ਸਿੰਘ ਚੌਕ ’ਚ ਸ਼ਰਾਬ ਦਾ ਠੇਕਾ ਖੁੱਲ੍ਹਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਅੱਜ ਦੁਕਾਨਦਾਰਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਦੁਕਾਨਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਠੇਕਾ ਗੁਰਦੁਆਰਾ ਸਾਹਿਬ ਦੇ ਬਹੁਤ ਨਜ਼ਦੀਕ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਬਾਜ਼ਾਰ ਰੈਡੀਮੇਡ ਕੱਪੜਿਆਂ ਦਾ ਹੈ। ਇਸ ਕਾਰਨ ਅਕਸਰ ਬਾਜ਼ਾਰ ’ਚ ਔਰਤਾਂ ਤੇ ਬੱਚੇ ਆਉਂਦੇ-ਜਾਂਦੇ ਰਹਿੰਦੇ ਹਨ। ਸ਼ਰਾਬ ਦਾ ਠੇਕਾ ਖੁੱਲ੍ਹਣ ਨਾਲ ਬਾਜ਼ਾਰ ’ਚ ਗਾਹਕ ਆਉਣੇ ਬੰਦ ਹੋ ਜਾਣਗੇ। ਸਾਰਾ ਦਿਨ ਸ਼ਰਾਬ ਪੀਣ ਵਾਲੇ ਲੋਕਾਂ ਦਾ ਇਕੱਠ ਰਹੇਗਾ। ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਠੇਕਾ ਬੰਦ ਨਾ ਕਰਵਾਇਆ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ। ਸ਼ਰਾਬ ਦਾ ਠੇਕਾ ਖੁੱਲ੍ਹਣ ਦੇ ਵਿਰੋਧ ’ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ। ਦੂਸਰੇ ਪਾਸੇ ਸ਼ਰਾਬ ਦਾ ਠੇਕਾ ਖੋਲ੍ਹਣ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਠੇਕਾ ਐਕਸਾਈਜ਼ ਪਾਲਿਸੀ ਅਨੁਸਾਰ ਹੈ। ਗੁਰਦੁਆਰਾ ਸਾਹਿਬ ਕਾਫ਼ੀ ਦੂਰ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਸ਼ਰਾਬ ਦੇ ਠੇਕੇ ਦਾ ਵਿਰੋਧ ਕਰਦੇ ਹਨ, ਉਹੀ ਲੋਕ ਪਹਿਲਾਂ ਆਪਣੀ ਦੁਕਾਨ ਕਿਰਾਏ ’ਤੇ ਦੇਣ ਲਈ ਸਵਾ ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਸ਼ਰਾਬ ਦਾ ਠੇਕਾ ਖੋਲ੍ਹਣ ਲਈ ਇਹ ਦੁਕਾਨ 75 ਹਜ਼ਾਰ ਰੁਪਏ ’ਚ ਲਈ ਗਈ ਹੈ, ਜਿਸ ਕਰਕੇ ਹੁਣ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਿਵੇਂ ਹੀ ਠੇਕਾ ਖੋਲ੍ਹਣ ਦੇ ਵਿਰੋਧ ਦੀ ਸੂਚਨਾ ਪੁਲੀਸ ਨੂੰ ਮਿਲੀ ਤਾਂ ਮੌਕੇ ’ਤੇ ਪੁੱਜੇ ਥਾਣਾ ਡਿਵੀਜ਼ਨ ਨੰਬਰ 3 ਦੇ ਐੱਸਐੱਚਓ ਸੁਖਦੇਵ ਸਿੰਘ ਆਪਣੀ ਟੀਮ ਨਾਲ ਪੁੱਜੇ। ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਤੇ ਐਕਸਾਈਜ਼ ਵਿਭਾਗ ਕੋਲ ਆਪਣੀ ਅਰਜ਼ੀ ਦਾਖਲ ਕਰਨ।