ਸੰਤੋਖ ਗਿੱਲ
ਗੁਰੂਸਰ ਸੁਧਾਰ, 5 ਮਈ
ਥਾਣਾ ਸੁਧਾਰ ਦੀ ਪੁਲੀਸ ਨੇ ਸੁਧਾਰ ਬਾਜ਼ਾਰ ਵਿਚ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਹੇਠ ਸੋਮਨਾਥ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਜਸਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਬਲਵੀਰ ਸਿੰਘ ਵਾਸੀ ਟੂਸਾ ਦੀ ਸ਼ਿਕਾਇਤ ਉੱਪਰ ਕਾਰਵਾਈ ਕਰਦਿਆਂ ਛਾਪੇਮਾਰੀ ਦੌਰਾਨ ਉਸ ਦੇ ਕਬਜ਼ੇ ਵਿਚੋਂ 23 ਆਕਸੀਜਨ ਸਿਲੰਡਰ ਬਰਾਮਦ ਹੋਏ ਹਨ, ਜਿਨ੍ਹਾਂ ਵਿਚੋਂ ਬਹੁਤੇ ਖਾਲੀ ਸਨ। ਬਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਟੂਸਾ ਨੇ ਸੁਧਾਰ ਪੁਲੀਸ ਕੋਲ ਦਰਜ ਕਰਾਈ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਪਿੰਡ ਟੂਸੇ ਦੀ ਸੁਖਵਿੰਦਰ ਕੌਰ ਪਤਨੀ ਚਮਕੌਰ ਸਿੰਘ ਨੂੰ ਸਾਹ ਲੈਣ ਵਿਚ ਸਮੱਸਿਆ ਆਉਣ ’ਤੇ ਉਨ੍ਹਾਂ ਨੇ ਸੁਧਾਰ ਬਾਜ਼ਾਰ ਦੇ ਦੁਕਾਨਦਾਰ ਸੋਮਨਾਥ ਤੋਂ ਦੋ ਆਕਸੀਜਨ ਸਿਲੰਡਰ ਵੱਡਾ ਤੇ ਛੋਟਾ 26 ਹਜ਼ਾਰ ਵਿਚ ਖ਼ਰੀਦੇ ਸਨ। ਸ਼ਿਕਾਇਤਕਰਤਾ ਅਨੁਸਾਰ ਵੱਡਾ ਸਲੰਡਰ ਖ਼ਾਲੀ ਹੋਣ ਬਾਅਦ ਜਦੋਂ ਉਹ ਦੁਕਾਨਦਾਰ ਕੋਲ ਵਾਪਸ ਕਰਨ ਲਈ ਗਏ ਤਾਂ ਉਸ ਨੇ ਕਿਹਾ ਕਿ ਹੁਣ ਇਹ ਕਿਸੇ ਕੰਮ ਦੇ ਨਹੀਂ ਹਨ ਤੇ ਖ਼ਾਲੀ ਸਲੰਡਰ ਕਬਾੜ ਦੇ ਭਾਅ ਖ਼ਰੀਦਣ ਦੀ ਗੱਲ ਆਖੀ। ਥਾਣਾ ਮੁਖੀ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ’ਤੇ ਪ੍ਰਸ਼ੋਤਮ ਟਰੇਡਰਜ਼ ਉੱਪਰ ਛਾਪੇਮਾਰੀ ਦੌਰਾਨ 23 ਆਕਸੀਜਨ ਸਲੰਡਰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਸੋਮਨਾਥ ਨੂੰ ਗ੍ਰਿਫ਼ਤਾਰ ਕਰ ਲਿਆ।